ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਪਾਵਰਕੌਮ ਤੇ ਟਰਾਂਸਕੋ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਹੇਠ ਯੂਨੀਅਨ ਦੇ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਅੱਜ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਮਾਲ ਰੋਡ ਵੀ ਜਾਮ ਕਰ ਦਿੱਤੀ ਗਈ। ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬਾਜ਼ਾਰਾਂ ਸਣੇ ਆਸ ਪਾਸ ਦੀਆਂ ਸੜਕਾਂ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਧਰਨੇ ਵਿੱਚ ਬਿਜਲੀ ਕਾਮਿਆਂ ਸਮੇਤ ਉਨ੍ਹਾਂ ਦੇ ਸੌ ਦੇ ਕਰੀਬ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਇਨ੍ਹਾਂ ਵਿੱਚ 80 ਦੇ ਕਰੀਬ ਔਰਤਾਂ ਅਤੇ ਦੋ ਦਰਜਨ ਬੱਚੇ ਸਨ। ਭਾਵੇਂ ਉਨ੍ਹਾਂ ਵੱਲੋਂ ਇਹ ਧਰਨਾ ਅਣਮਿੱਥੇ ਸਮੇਂ ਲਈ ਲਾਏ ਜਾਣ ਦਾ ਐਲਾਨ ਕੀਤਾ ਗਿਆ ਸੀ, ਪਰ ਸ਼ਾਮ ਨੂੰ ਧਰਨੇ ’ਚ ਪੁੱਜੇ ਤਹਿਸੀਲਦਾਰ ਜਿਨਸੂ ਬਾਂਸਲ ਨੇ ਯੂਨੀਅਨ ਆਗੂਆਂ ਦੀ 2 ਫਰਵਰੀ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ। ਇਸ ਮਗਰੋਂ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ।