ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 23 ਫਰਵਰੀ
ਥਾਣਾ ਜੁਲਕਾਂ ਅਧੀਨ ਬਿਜਲੀ ਗਰਿੱਡ ਦੇਵੀਗੜ੍ਹ ਵਿੱਚ ਇੱਕ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਸਖ਼ਤ ਜ਼ਖ਼ਮੀ ਹੋ ਗਿਆ। ਇਸ ਸਬੰਧੀ ਕਈ ਬਿਜਲੀ ਮੁਲਾਜ਼ਮਾਂ ਵਿਰੁੱਧ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਜੁਲਕਾਂ ਅਨੁਸਾਰ ਪਿੰਡ ਖੇੜੀ ਰਾਜੂ ਸਿੰਘ ਰਵੀ ਕੁਮਾਰ ਜੋ ਬਿਜਲੀ ਵਿਭਾਗ ਵਿੱਚ ਦੇਵੀਗੜ੍ਹ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ, ਨੇ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 21 ਫਰਵਰੀ ਨੂੰ ਜਦੋਂ ਉਹ ਕੰਮ ’ਤੇ ਗਿਆ ਹੋਇਆ ਸੀ ਤਾਂ ਲਾਈਨਮੈਨ ਸ਼ਿੰਦਰਪਾਲ ਨੇ ਉਸ ਨੂੰ ਪਿੱਪਲਖੇੜੀ ਫੀਡਰ ਦੀਆਂ ਤਾਰਾਂ ’ਤੇ ਟੇਪ ਮਾਰਨ ਲਈ ਕਿਹਾ। ਅੱਗੋਂ ਰਵੀ ਨੇ ਲਾਈਨਮੈਨ ਰਾਮ ਸਰੂਪ ਤੋਂ ਪੁੱਛਿਆ ਕਿ ਲਾਈਟ ਬੰਦ ਹੈ ਤਾਂ ਉਸ ਨੇ ਲਾਈਟ ਬੰਦ ਹੋਣ ਬਾਰੇ ਉਸ ਨੂੰ ਪਰਮਿਟ ਦਿਖਾਇਆ। ਰਵੀ ਨੇ ਮੁੜ ਜੇਈ ਹੰਸ ਰਾਜ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਲਾਈਟ ਬੰਦ ਸਬੰਧੀ ਪਰਮਿਟ ਲਿਆ ਹੋਇਆ ਹੈ ਪਰ ਰਵੀ ਨੇ ਮੁੜ ਤਸੱਲੀ ਲਈ ਜੇਈ ਹਰਭਜਨ ਸਿੰਘ ਨੂੰ ਲਾਈਟ ਬੰਦ ਹੋਣ ਬਾਰੇ ਪੁੱਛਿਆ ਤਾਂ ਉਸ ਦੇ ਕਹਿਣ ’ਤੇ ਰਵੀ ਪੌੜੀ ਲਗਾ ਕੇ ਜਦੋਂ ਖੰਭੇ ’ਤੇ ਤਾਰ ’ਤੇ ਟੇਪ ਲਾਉਣ ਲੱਗਾ ਤਾਂ ਉਸ ਨੂੰ 11 ਹਜ਼ਾਰ ਵੋਲਟੇਜ਼ ਦਾ ਜ਼ੋਰਦਾਰ ਕਰੰਟ ਲੱਗਾ। ਜਿਸ ਕਾਰਨ ਰਵੀ ਕੁਮਾਰ ਹੇਠਾਂ ਡਿੱਗ ਪਿਆ ਤੇ ਉਸ ਦੀ ਸੱਜੀ ਬਾਂਹ ਤੇ ਗੁਪਤ ਅੰਗ ਸੜ ਗਏ। ਇਹ ਹਾਦਸਾ ਕੁਝ ਮੁਲਾਜ਼ਮਾਂ ਦੀ ਲਾਪ੍ਰਵਾਹੀ ਨਾਲ ਵਾਪਰਿਆ ਹੈ। ਇਸ ਸਬੰਧੀ ਥਾਣਾ ਜੁਲਕਾਂ ਵਿੱਚ ਸ਼ਿੰਦਰਪਾਲ ਲਾਈਨਮੈਨ, ਰਾਮ ਸਰੂਪ ਬਹਿਰੂ ਲਾਈਨਮੈਨ, ਹੰਸ ਰਾਜ ਜੇ.ਈ., ਹਰਭਜਨ ਸਿੰਘ ਜੇ.ਈ. ਵਿਰੁੱਧ ਧਾਰਾ 337, 338 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।