ਖੇਤਰੀ ਪ੍ਰਤੀਨਿਧ
ਪਟਿਆਲਾ, 16 ਮਈ
ਦੋ ਮਹੀਨਿਆਂ ਦੀ ਬਕਾਇਆ ਤਨਖ਼ਾਹ ਜਾਰੀ ਕਰਨ, 30 ਕਰੋੜ ਰੁਪਏ ਦੀ ਮਹੀਨਾਵਾਰ ਗ੍ਰਾਂਟ ਯਕੀਨੀ ਬਣਾਉਣ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਿਰ ਚੜ੍ਹੇ ਕਰਜ਼ੇ ਵਿਚੋਂ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ 150 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਮੁਲਾਜ਼ਮਾਂ, ਅਧਿਆਪਕਾਂ ਅਤੇ ਏ ਕਲਾਸ ਅਫਸਰਾਂ ਨੇ ਅੱਜ ਫਿਰ ਵੀ.ਸੀ ਦਫਤਰ ਅੱਗੇ ਧਰਨਾ ਦਿੱਤਾ। ਦੁਪਹਿਰ 12 ਤੋਂ 1 ਵਜੇ ਤੱਕ ਦਿੱਤੇ ਗਏ ਇਸ ਧਰਨੇ ’ਚ ਨਾਨ ਟੀਚਿੰਗ ਕਰਮਚਾਰੀ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਟੀਚਰਜ ਐਸੋਸੀਏਸਨ ਅਤੇ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱੱਸਾ ਲਿਆ, ਜਿਸ ਦੀ ਅਗਵਾਈ ਪੁਸ਼ਪਿੰਦਰ ਸਿੰਘ ਬਰਾੜ,ਪ੍ਰੋ. ਭੁਪਿੰਦਰ ਸਿੰਘ ਵਿਰਕ ਅਤੇ ਕਮਲਜੀਤ ਸਿੰਘ ਜੱਗੀ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਰੋਜ਼ਾਨਾ ਧਰਨਾ ਲਾਇਆ ਜਾਵੇਗਾ, ਕਿਉਂਕਿ ਤਨਖਾਹਾਂ ਤੋਂ ਬਿਨਾਂ ਗੁਜ਼ਾਰਾ ਕਰਨਾ ਔਖਾ ਹੈ। ਇਸੇ ਦੌਰਾਨ ‘ਏ ਕਲਾਸ ਅਫਸਰ ਐਸੋਸੀਏਸ਼ਨ ਅਤੇ ਨਾਨ ਟੀਚਿੰਗ ਕਰਮਚਾਰੀ ਸੰਘ ਨੇ ਆਪਣੀ ਕੁਝ ਵੱਖਰੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ, ਜਿਸ ਦੀ ਅਗਵਾਈ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਜੱਗੀ ਨੇ ਕੀਤੀ। ਉਨ੍ਹਾਂ ਨੇ ਪ੍ਰਸ਼ਾਸਨਿਕ ਤੇ ਪ੍ਰੀਖਿਆ ਬਲਾਕਾਂ ਦੇ ਮੁਲਾਜ਼ਮਾਂ ਨੂੰ ਵੀ ਨਾਲ ਲਿਆ, ਜਿਸ ਕਰਕੇ ਉਕਤ ਵਿਭਾਗਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਧਰਨੇ ਵਾਲੀ ਥਾਂ ’ਤੇ ਪਹੁੰਚੇ ਤੇ ਤਨਖ਼ਾਹ ਜਲਦੀ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ।