ਖੇਤਰੀ ਪ੍ਰਤੀਨਿਧ
ਪਟਿਆਲਾ, 9 ਨਵੰਬਰ
ਪਰਾਲ਼ੀ ਪ੍ਰਬੰਧਧਨ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਹੀ ਪਿੰਡ ਅਜਨੌਦਾ ਕਲਾਂ ਨੇੜੇ ਖੇਤਾਂ ਵਿੱਚ ਕੰਬਾਈਨ ਨਾਲ ਕੱਟੇ ਝੋਨੇ ਦੇ ਨਾੜ ਦੀ ਦਾਤੀ ਨਾਲ ਕਟਾਈ ਕਰਦਿਆਂ ਪਰਾਲੀ ਸੰਭਾਲ ਰਹੀਆਂ ਔਰਤਾਂ ਜ਼ਿਲ੍ਹੇ ਦੇ ਦੋਵੇਂ ਮੁੱਖ ਅਧਿਕਾਰੀਆਂ ਨੂੰ ਆਪਣੇ ਨਾਲ ਦੇਖ ਕੇ ਹੈਰਾਨ ਰਹਿ ਗਈਆਂ।
ਪਰਾਲੀ ਪ੍ਰਬੰਧਨ ਨੂੰ ਉਤਸ਼ਾਹਤ ਕਰਨ ਲਈ ਇਨ੍ਹਾਂ ਅਧਿਕਾਰੀਆਂ ਨੇ ਅੱੱਜ ਪਟਿਆਲਾ ਜ਼ਿਲ੍ਹੇ ਦੇ ਰੋਹਟੀ, ਲੁਬਾਣਾ ਕਰਮੂ, ਅਜਨੌਦਾ ਕਲਾਂ, ਸਿੰਬੜੋ, ਧੰਗੇੜਾ ਤੇ ਕਿਸ਼ਨਗੜ੍ਹ ਆਦਿ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾ ਕਿਹਾ ਕਿ ਇਹ ਔਰਤਾਂ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਆਪਣੇ ਘਰੇਲੂ ਕੰਮਾਂ-ਕਾਰਾਂ ਤੇ ਪਸ਼ੂਆਂ ਲਈ ਦਾਤੀ ਨਾਲ ਕੱਟ ਕੇ ਸੰਭਾਲ ਰਹੀਆਂ ਸਨ ਜੋ ਕਿ ਵਾਤਾਵਰਨ ਦੀ ਸੰਭਾਲ ਲਈ ਇੱਕ ਸੁਚੱਜਾ ਤੇ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਅੱਜ ਪਿੰਡ ਅਜਨੌਦਾ ਕਲਾਂ ਨੇੜੇ ਖੇਤਾਂ ਵਿੱਚ ਕੰਬਾਈਨ ਨਾਲ ਕੱਟੇ ਝੋਨੇ ਦੇ ਨਾੜ ਦੀ ਦਾਤੀ ਨਾਲ ਕਟਾਈ ਕਰ ਰਹੀਆਂ ਔਰਤਾਂ ਨੇ ਪਿੰਡ ਸਿੰਬੜੋ ਨੇੜੇ ਖੇਤਾਂ ਵਿੱਚ ਲੱਗੀ ਅੱਗ ਵੀ ਬੁਝਵਾਈ। ਉਨ੍ਹਾਂ ਕਿਹਾ ਕਿ ਪਰਾਲੀ ਸੰਭਾਲਣ ਲਈ ਉਪਰਾਲੇ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਦੂਜੇ ਕਿਸਾਨਾਂ ਲਈ ਰਾਹ ਦਸੇਰਾ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਵਾਤਾਵਰਨ ਗੰਧਲਾ ਹੁੰਦਾ ਹੈ ਅਤੇ ਲੋਕਾਂ ਨੂੰ ਇਸ ਨਾਲ ਸਾਹ ਸਬੰਧੀ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ।