ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਨਵੰਬਰ
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਨਿਰਮਾਣ ਸਮੇਂ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਢਾਬੀਗੁੱਜਰਾਂ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਕੂ ਵਾਲੇ ਤੱਕ ਮੁੱਖ ਮਾਰਗ ਮਾਰਗ ਉੱਤੇ ਪੁਲ ਉਸਾਰਨ ਲਈ ਜੋ ਜਗ੍ਹਾ ਲੱਖਾਂ ਰੁਪਏ ਦੇ ਕੇ ਲਈ ਗਈ ਸੀ। ਮਾਲ ਵਿਭਾਗ ਦੇ ਰਿਕਾਰਡ ਵਿੱਚ ਜ਼ਮੀਨ ਦੇ ਮਾਲਕ ਅਜੇ ਵੀ ਉਹੀ ਲੋਕ ਹਨ ਜਿਨ੍ਹਾਂ ਤੋਂ ਸੱਤ ਸਾਲ ਪਹਿਲਾਂ ਜ਼ਮੀਨ ਐਕੁਆਇਰ ਕੀਤੀ ਗਈ ਸੀ। ਨੈਸ਼ਨਲ ਹਾਈਵੇਅ ਅਥਾਰਟੀ ਨੇ ਜ਼ਮੀਨ ਦਾ ਇੰਤਕਾਲ ਆਪਣੇ ਨਾਮ ਨਹੀਂ ਕਰਵਾਇਆ। ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਲੋਕ ਸੂਚਨਾ ਅਫਸਰ ਕਮ-ਤਹਿਸੀਲਦਾਰ ਪਾਤੜਾਂ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਗਰ ਕੌਂਸਲ ਪਾਤੜਾਂ ਅਧੀਨ ਆਉਂਦੀ ਥਾਂ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਪੁਲ ਅਤੇ ਸੜਕ ਬਣਾਉਣ ਲਈ ਐਕੁਆਇਰ ਕੀਤੀ ਜ਼ਮੀਨ ਦੇ ਲੱਖਾਂ ਰੁਪਏ ਮਾਲਕਾਂ ਨੂੰ ਦੇ ਦਿੱਤੇ ਗਏ, ਬਾਵਜੂਦ ਇਸ ਦੇ ਜ਼ਮੀਨ ਉਨ੍ਹਾਂ ਦੇ ਖਾਤਿਆਂ ਵਿੱਚੋਂ ਨਹੀਂ ਕੱਟੀ ਗਈ। ਮਾਲਕੀ ਦਾ ਹੱਕ ਰੱਖਣ ਵਾਲੇ ਪਰਿਵਾਰ ਕਿਸੇ ਸਮੇਂ ਵੀ ਜ਼ਮੀਨ ਨੂੰ ਅੱਗੇ ਵੇਚ ਸਕਦੇ ਹਨ।
ਕੇਸ ਚੱਲਦੇ ਹੋਣ ਕਾਰਨ ਇੰਤਕਾਲ ਦਰਜ ਕਰਨ ਵਿੱਚ ਦਿੱਕਤ ਆਈ: ਤਹਿਸੀਲਦਾਰ
ਤਹਿਸੀਲਦਾਰ ਪਾਤੜਾਂ ਰਾਮ ਲਾਲ ਨੇ ਕਿਹਾ ਹੈ ਕਿ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਪੁਲਾਂ ਤੇ ਸੜਕਾਂ ਲਈ ਐਕੁਆਇਰ ਕੀਤੀ ਗਈ ਜ਼ਮੀਨ ਵਿੱਚੋਂ ਢਾਬੀ ਗੁੱਜਰਾਂ, ਨਾਈਵਾਲਾ, ਖਾਸਪੁਰ ਤੇ ਦੁਤਾਲ ਦੇ ਇੰਤਕਾਲ ਨੈਸ਼ਨਲ ਹਾਈਵੇਅ ਅਥਾਰਟੀ ਦੇ ਨਾਮ ਮਨਜ਼ੂਰ ਹੋ ਚੁੱਕੇ ਹਨ। ਪਾਤੜਾਂ, ਦੁਗਾਲ ਕਲਾਂ, ਦੁਗਾਲ ਖੁਰਦ ਦੀ ਜ਼ਮੀਨ ਦੇ ਅਦਾਲਤ ਵਿੱਚ ਕੇਸ ਚੱਲਦੇ ਹੋਣ ਕਾਰਨ ਇੰਤਕਾਲ ਅਥਾਰਿਟੀ ਦੇ ਨਾਮ ਕਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ ਜਿਉਂ ਹੀ ਉਕਤ ਥਾਵਾਂ ਦੇ ਕੇਸਾਂ ਦਾ ਨਿਪਟਾਰਾ ਹੋਵੇਗਾ। ਇੰਤਕਾਲ ਅਥਾਰਟੀ ਦੇ ਨਾਮ ਕਰ ਦਿੱਤਾ ਜਾਵੇਗਾ।