ਨਿੱਜੀ ਪੱਤਰ ਪੇ੍ਰਕ
ਨਾਭਾ, 10 ਨਵੰਬਰ
ਦੋ ਸਾਲ ਪਰਾਲੀ ਨਾ ਸਾੜਦੇ ਹੋਏ ਪਿੰਡ ਅਗੇਤੀ ਦੇ ਸਾਰੇ ਕਿਸਾਨਾਂ ਨੇ ਸਰਕਾਰ ਵੱਲੋਂ ਖੇਤੀ ਲਈ ਸੁਝਾਏ ਨਵੇਂ ਢੰਗ ਤਰੀਕਿਆਂ ਨੂੰ ਅਪਣਾਇਆ ਪਰ ਇਸ ਰਾਹ ਵਿਚ ਆਈਆਂ ਔਕੜਾਂ ਸਮੇਂ ਕਿਸੇ ਨੂੰ ਆਪਣੇ ਨਾਲ ਖੜ੍ਹਾ ਨਾ ਦੇਖ ਕੇ ‘ਸਿਫ਼ਰ ਪਰਾਲੀ ਸਾੜਨ ਵਾਲੇ ਪਿੰਡ’ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹ ਮਜਬੂਰ ਹਨ।
ਸਾਲ 2017 ਵਿੱਚ ਬਿਰਲਾਸੋਫਟ ਨਾਮ ਦੀ ਕੰਪਨੀ ਵੱਲੋਂ ਪ੍ਰੇਰੇ ਜਾਣ ਪਿੱਛੋਂ ਪਿੰਡ ਨੇ ਪਰਾਲੀ ਦੀਆਂ ਗੱਠਾਂ ਬਣਵਾਈਆਂ ਪਰ ਬਾਅਦ ਵਿੱਚ ਇਲਾਕੇ ਦੇ ਪਰਾਲੀ ਦੇ ਮੁੱਖ ਖਪਤਕਾਰ ਪੰਜਾਬ ਬਾਇਓਮਾਸ ਪਾਵਰ ਲਿਮਟਿਡ ਵੱਲੋਂ ਬੇਲਰਾਂ ਦੇ ਪੈਸੇ ਨਾ ਦੇਣ ਕਾਰਨ ਬੇਲਰ ਕਿਸਾਨਾਂ ਦੇ ਖੇਤਾਂ ਵਿੱਚੋਂ ਗੱਠਾਂ ਚੁੱਕਣ ਹੀ ਨਾ ਆਏ। ਤੰਗ ਆ ਕੇ ਕਈ ਕਿਸਾਨਾਂ ਨੇ ਗੱਠਾਂ ਨੂੰ ਅੱਗ ਲਾ ਦਿੱਤੀ ਜਾਂ ਮਜ਼ਦੂਰੀ ਦੇ ਕੇ ਉਨ੍ਹਾਂ ਨੂੰ ਖੇਤ ’ਚੋਂ ਬਾਹਰ ਕੱਢ ਕੇ ਅਗਲੀ ਫਸਲ ਬੀਜੀ। ਹਾਰ ਨਾ ਮੰਨਦੇ ਹੋਏ ਅਗਲੇ ਸਾਲ ਕਿਸਾਨਾਂ ਨੇ ਪਰਾਲੀ ਮਿੱਟੀ ਵਿਚ ਰਲਾਉਣ ਦੇ ਸਰਕਾਰ ਦੇ ਸੁਝਾਅ ਉੱਪਰ ਪਹਿਰਾ ਦਿੱਤਾ। ਜੋਗਿੰਦਰ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ ਹੋਰਾਂ ਕਿਸਾਨਾਂ ਨੇ ਦੱਸਿਆ ਪਿੰਡ ਦੀ ਸਹਿਕਾਰੀ ਸੁਸਾਇਟੀ ਵਿੱਚ ਲਗਪਗ ਸਾਰੇ ਸੰਦ ਆ ਚੁੱਕੇ ਸਨ ਜਿਸ ਨਾਲ ਕਿਸਾਨਾਂ ਨੇ ਯੂਨੀਅਨਾਂ ਦੇ ਵਿਰੋਧ ਦੇ ਬਾਵਜੂਦ ਪਰਾਲੀ ਨੂੰ ਮਿੱਟੀ ’ਚ ਰੱਖ ਕੇ ਹੈਪੀ ਸੀਡਰ ਨਾਲ ਕਣਕ ਬੀਜੀ। ਪਰ ਜਦੋਂ ਕਈ ਕਿਸਾਨਾਂ ਦੀ ਕਣਕ ਦੀ ਫਸਲ ਜੰਮੀ ਨਹੀਂ ਅਤੇ ਕਈ ਕਿਸਾਨਾਂ ਦੀ ਫਸਲ ਮਰ ਗਈ ਤਾਂ ਸਰਕਾਰ ਦਾ ਕੋਈ ਮਾਹਿਰ ਹੱਥ ਨਾ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮਹਿਮਾਨਾਂ ਨੂੰ ਸਨਮਾਨਤ ਕਰਨ ਤੱਕ ਸੀਮਤ ਸਿਖਲਾਈ ਕੈਂਪਾਂ ਵਾਲੇ ਖੇਤ ਵਿੱਚ ਔਕੜ ਦੇ ਸਮੇਂ ਨਜ਼ਰ ਨੀ ਆਉਂਦੇ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਮੌਕੇ ਪਿੱਛੋਂ ਖੇਤੀ ਮਾਹਰਾਂ ਨੇ ਇਸ ਮਾਰ ਦਾ ਜ਼ੁਬਾਨੀ ਵਿਸ਼ਲੇਸ਼ਣ ਕਰਦੇ ਹੋਏ ਹਵਾਵਾਂ ਅਤੇ ਮਿੱਟੀ ਵਿੱਚ ਖੁਸ਼ਕੀ ਆਦਿ ਕਾਰਨ ਦੱਸੇ ਪਰ ਕਿਸੇ ਨੇ ਸਾਡੇ ਨੁਕਸਾਨ ਦੀ ਮਿਣਤੀ ਤੱਕ ਨਾ ਕੀਤੀ, ਕੋਈ ਮਦਦ ਤਾਂ ਕੀ ਕਰਨੀ ਸੀ। ਫਿਰ ਕਿਉਂ ਕੋਈ ਨਵੇਂ ਤਜ਼ਰਬੇ ਕਰਨ ਦਾ ਜੋਖਿਮ ਲਵੇ? ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨਾਲ ਅਨੇਕਾਂ ਯਤਨਾਂ ਦੇ ਬਾਵਜੂਦ ਸੰਪਰਕ ਨਾ ਹੋ ਸਕਿਆ। ਉਨ੍ਹਾਂ ਕਿਹਾ ਸੁਸਾਇਟੀ ਵਿੱਚ ਸੰਦ ਤਾਂ ਆ ਗਏ ਪਰ ਪਰਾਲੀ ਨੂੰ ਮਿੱਟੀ ’ਚ ਰੱਖਣ ਲਈ ਵਾਧੂ ਤੇਲ, ਮਜ਼ਦੂਰੀ ਉੱਪਰ ਇਕ ਹਜ਼ਾਰ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ, ਉਸ ਉੱਪਰੋਂ ਅਗਲੀ ਫਸਲ ਦਾ ਨੁਕਸਾਨ ਕਿਸੇ ਖਾਤੇ ਨਹੀਂ। ਸੁਸਾਇਟੀ ਦੇ ਪ੍ਰਧਾਨ ਸਿਕੰਦਰ ਸਿੰਘ ਮੁਤਾਬਕ ਘਾਟੇ ’ਚ ਚੱਲ ਰਹੀ ਸੁਸਾਇਟੀ ਵੀ ਮੁੜਕੇ ਸੰਦਾਂ ਦੀ ਮੁਰੰਮਤ ਨਾ ਕਰਾ ਸਕੀ, ਜਿਸ ਕਾਰਨ ਇਸ ਸਾਲ ਸੰਦ ਵੀ ਸੁਸਾਇਟੀ ਵਿੱਚ ਹੀ ਮਿੱਟੀ ਫੱਕ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਜੋ ਕਿਸਾਨ ਪਰਾਲੀ ਨਾ ਸਾੜ ਕੇ ਸਰਕਾਰ ਨਾਲ ਚੱਲਣ ਯਤਨ ਕਰਦੇ ਹਨ ਤੇ ਫੇਰ ਕੋਈ ਨੁਕਸਾਨ ਹੋਵੇ, ਘੱਟੋ ਘੱਟ ਉਸ ਦੀ ਭਰਪਾਈ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਹੈ।