ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਨਵੰਬਰ
ਪਟਿਆਲਾ ਦੀ ਰਹਿਣ ਵਾਲੀ 17 ਸਾਲ ਦੀ ਲੜਕੀ ਕਾਇਨਾ ਚੌਹਾਨ ਵੱਲੋਂ ਕਵਿਤਾਵਾਂ ਦੀ ਕਿਤਾਬ ‘ਬਲੂਮਿੰਗ ਆਫ਼ ਹਾਰਟਸ’ ਲਿਖੀ ਗਈ ਹੈ। ਇਸ ਕਿਤਾਬ ਨੂੰ ਪੰਜਾਬ ਪੁਲੀਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਪੁਲੀਸ ਅਧਿਕਾਰੀ ਅਮਰਦੀਪ ਸਿੰਘ ਰਾਏ ਵੱਲੋਂ ਸਥਾਨਕ ਇਕਬਾਲ ਇਨ ਹੋਟਲ ਵਿੱਚ ਰਿਲੀਜ਼ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਏਐੱਸ ਰਾਏ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਗੈਸਟ ਆਫ਼ ਆਨਰ ਦੇ ਤੌਰ ’ਤੇ ਸ਼ਿਰਕਤ ਕੀਤੀ। ਕਾਇਨਾ ਦੇ ਪਿਤਾ ਸੰਨੀ ਚੌਹਾਨ ਅਤੇ ਮਾਤਾ ਤਮੰਨਾ ਚੌਹਾਨ ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕਾਇਨਾ ਵੱਲੋਂ ਇਕ ਲੰਬੇ ਸਮੇਂ ਤੋਂ ਆਪਣੀ ਕਿਤਾਬ ’ਤੇ ਕੰਮ ਕੀਤਾ ਜਾ ਰਿਹਾ ਸੀ, ਜਿਸ ਨੂੰ ਕਿ ਉਸ ਨੇ ਆਪਣੀ ਇਕ ਬਹੁਤ ਛੋਟੀ ਉਮਰ ਵਿੱਚ ਲਿਖ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਮੁੱਖ ਮਹਿਮਾਨ ਨੇ ਇਸ ਮੌਕੇ ਕਾਇਨਾ ਚੌਹਾਨ, ਉਸ ਦੇ ਪਿਤਾ ਸੰਨੀ ਚੌਹਾਨ ਅਤੇ ਮਾਤਾ ਤਮੰਨਾ ਚੌਹਾਨ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਅਤੇ ਪੂਰੇ ਭਾਰਤ ਨੂੰ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਵਿੱਚ ਇਕ ਨਿਡਰ ਲੇਖਕ ਲੁਕਿਆ ਹੁੰਦਾ ਹੈ। ਜਦੋਂ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਪ੍ਰਤਿਭਾ ਦਾ ਇਜ਼ਹਾਰ ਕਰਦਾ ਹੈ। ਸ੍ਰੀ ਨਾਰੰਗ ਨੇ ਕਿਹਾ ਕਿ ਉਹ ਛੋਟੀ ਬੱਚੀ ਕਾਇਨਾ ਦੀ ਲੇਖਣ ਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਇਸ ਕਿਤਾਬ ਰਾਹੀਂ ਉਸ ਨੇ ਸਫਲ ਜ਼ਿੰਦਗੀ ਜਿਊਣ ਅਤੇ ਹਮੇਸ਼ਾ ਖ਼ੁਸ਼ ਰਹਿਣ ਦੀ ਸਿੱਖਿਆ ਦਿੱਤੀ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਪੈਂਥੇ ਐਸਪੀ ਵਿਜੀਲੈਂਸ, ਹਰਦੀਪ ਸਿੰਘ ਬਡੂੰਗਰ ਡੀਐੱਸਪੀ, ਕਮਾਂਡੋ ਟ੍ਰੇਨਿੰਗ ਸੈਂਟਰ ਬਹਾਦਰਗੜ੍ਹ ਅਤੇ ਡਾ. ਕੇਪੀਐੱਸ ਸੇਖੋਂ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦਾ ਸੰਚਾਲਨ ਰੋਟੇਰੀਅਨ ਮਾਨਿਕ ਰਾਜ ਸਿੰਗਲਾ ਵੱਲੋਂ ਕੀਤਾ ਗਿਆ। ਇਸ ਮੌਕੇ ਕਾਇਨਾ ਦੇ ਦਾਦਾ ਰਾਜਿੰਦਰ ਕੁਮਾਰ ਚੌਹਾਨ ਨੇ ਵੀ ਆਪਣੇ ਭਾਵੁਕ ਵਿਚਾਰ ਪੇਸ਼ ਕੀਤੇ। ਕਾਇਨਾ ਦੇ ਨਾਨਾ ਅਤੇ ਨਾਨੀ ਰੋਟੇਰੀਅਨ ਨਰਿੰਦਰ ਭੋਲਾ ਅਤੇ ਊਸ਼ਾ ਭੋਲਾ ਖ਼ਾਸ ਤੌਰ ’ਤੇ ਮੌਜੂਦ ਰਹੇ।