ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਇੱਕ ਸਾਬਕਾ ਫ਼ੌਜੀ ਵੱਲੋਂ ਨੌਕਰੀ ਲਵਾਓਣ ਦੇ ਝਾਂਸੇ ਤਹਿਤ ਪੰਜ ਸਾਬਕਾ ਫ਼ੌਜੀਆਂ ਸਮੇਤ ਕੁੱਲ ਸੱਤ ਜਣਿਆਂ ਨਾਲ ਕਰੀਬ 21 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪਟਿਆਲਾ ਤੋਂ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਬਲਦੇਵ ਸਿੰਘ ਨਾਮੀਂ ਇਸ ਸਾਬਕਾ ਫ਼ੌਜੀ ਖਿਲਾਫ਼ ਧਾਰਾ 406 ਅਤੇ 420 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਕੇਸ ਸੁਖਵਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਇਹ ਮਾਮਲਾ ਅਕਾਲੀ ਸਰਕਾਰ ਦੇ ਸਮੇਂ ਦਾ ਹੈ। ਸਾਬਕਾ ਫ਼ੌਜੀ ਹੋਣ ਕਰਕੇ ਉਸ ਦੀ ਬਲਦੇਵ ਸਿੰਘ ਨਾਲ ਜਾਣ ਪਛਾਣ ਹੋ ਗਈ। ਉਸ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦਫਤਰ ਤੱਕ ਵੀ ਅਕਸਰ ਹੀ ਆਉਂਦਾ ਜਾਂਦਾ ਸੀ, ਜਿਸ ਕਰਕੇ ਉਹ ਉਸ ਤੋਂ ਪ੍ਰਭਾਵਿਤ ਹੋ ਕੇ ਖੁਦ ਅਤੇ ਆਪਣੇ ਚਾਰ ਹੋਰ ਸਾਬਕਾ ਫ਼ੌਜੀਆਂ ਸਮੇਤ ਸੱਤ ਜਣਿਆਂ ਨੂੰ ਨੌਕਰੀ ਲਵਾਉਣ ਲਈ 20.80 ਲੱਖ ਰੁਪਏ ਦੇ ਬੈਠਾ। ਇਸ ਦੌਰਾਨ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਨੇ ਨੌਕਰੀ ਤਾਂ ਕੀ ਦਿਵਾਉਣੀ ਸੀ, ਉਲਟਾ ਉਨ੍ਹਾਂ ਦੇ ਪੈਸੇ ਮੋੜਨ ਤੋਂ ਵੀ ਇਨਕਾਰੀ ਹੋ ਗਿਆ। ਉਨ੍ਹਾਂ ਨੇ ਕਿਸੇ ਤਰ੍ਹਾਂ 2.63 ਲੱਖ ਰੁਪਏ ਤਾਂ ਵਾਪਸ ਕਰਵਾ ਲਏ, ਪਰ 1817000 ਹਜ਼ਾਰ ਰੁਪਏ ਉਸ ਨੇ ਵਾਪਸ ਹੀ ਨਾ ਕੀਤੇ ਜਿਸ ਕਰਕੇ ਉਸ ਨੂੰ ਆਖਰ ਸ਼ਿਕਾਇਤ ਦਰਜ ਕਰਵਾਉਣੀ ਪਈ। ਇਸ ਦੌਰਾਨ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿਉਂਕਿ ਬਾਕੀ ਸਾਥੀਆਂ ਨੇ ਵੀ ਬਲਦੇਵ ਸਿੰਘ ਨੂੰ ਪੈਸੇ ਉਸ ਦੇ ਭਰੋਸੇ ’ਤੇ ਦਿੱਤੇ ਸਨ, ਇਸ ਕਰਕੇ ਉਸ ਨੇ ਗਹਿਣੇ ਵੇਚਣ ਸਮੇਤ ਕਰਜ਼ਾ ਲੈ ਕੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਤੇ ਕਰਜ਼ੇ ਦੀਆਂ ਕਿਸ਼ਤਾਂ ਉਹ ਅੱਜ ਵੀ ਭਰ ਰਿਹਾ ਹੈ।