ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਗਸਤ
ਪਿੰਡ ਪਹਾੜਪੁਰ ਦੀ ਸ਼ਾਮਲਾਟ ਸਬੰਧੀ ਪਹਿਲਾਂ ਤੋਂ ਦਿੱਤੇ ਅਲਟੀਮੇਟਮ ਤਹਿਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਅਵਤਾਰ ਸਿੰਘ ਕੌਰਜੀਵਾਲ਼ਾ ਨੇ ਕਿਹਾ ਕਿ ਪਹਾੜਪੁਰ ਪਿੰਡ ਦੀ ਪੰਚਾਇਤ ਵੱਲੋਂ ਅਜੀਤ ਸਿੰਘ, ਜਗਦੀਪ ਸਿੰਘ ਅਤੇ ਮੱਖਣ ਸਿੰਘ ਨੂੰ ਪਿਛਲੇ 6 ਸਾਲਾਂ ਤੋਂ ਸ਼ਾਮਲਾਟ ਜ਼ਮੀਨ ਠੇਕੇ ’ਤੇ ਨਹੀਂ ਸੀ ਦਿੱਤੀ ਜਾ ਰਹੀ। ਹਾਲਾਂਕਿ ਉਨ੍ਹਾਂ ਵੱਲੋਂ ਮਜਬੂਰਨ ਵੱਧ ਬੋਲੀ ਵੀ ਲਾਈ ਗਈ ਸੀ। ਡੀਡੀਪੀਓ ਨੂੰ ਵੀ ਦਰਖਾਸਤ ਦਿੱਤੀ ਗਈ। ਫੇਰ ਵੀ ਕੁਝ ਨਾ ਬਣਿਆ ਜਿਸ ਕਾਰਨ ਹੀ ਧਰਨਾ ਲਾਉਣਾ ਪਿਆ। ਧਰਨੇ ’ਚ ਪੁੱਜੇ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨ ਪਾਲ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ ਕਰਨ ਮਗਰੋਂ 13 ਅਗਸਤ ਨੂੰ ਡੀਡੀਪੀਓ ਦਫ਼ਤਰ ਵਿੱਚ ਮੁੜ ਬੋਲੀ ਕਰਵਾ ਕੇ ਅਜੀਤ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਜ਼ਮੀਨ ਅਲਾਟ ਕਰਨ ਦਾ ਭਰੋਸਾ ਦਿੱਤਾ ਗਿਆ। ਡਾ. ਦਰਸ਼ਨਪਾਲ ਨੇ ਚਿਤਾਵਨੀ ਦਿੱਤੀ ਕਿ ਜ਼ਮੀਨ ਅਲਾਟ ਨਾ ਕਰਨ ’ਤੇ 15 ਅਗਸਤ ਨੂੰ ਮਿਨੀ ਸਕੱਤਰੇਤ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਦਿੱਤੂਪੁਰ, ਬਲਾਕ ਪ੍ਰਧਾਨ ਅਵਤਾਰ ਕੌਰਜੀਵਾਲਾ, ਸਨੌਰ ਬਲਾਕ ਦੇ ਪ੍ਰਧਾਨ ਸੁਖਵਿੰਦਰ ਤੁੱਲੇਵਾਲ ਤੇ ਭਾਦਸੋਂ ਬਲਾਕ ਦੇ ਪ੍ਰਧਾਨ ਗੁਰਜੰਟ ਸਿੰਬੜੋ ਨੇ ਵੀ ਸੰਬੋਧਨ ਕੀਤਾ।