ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਪੰਜਾਬੀ ਯੂਨੀਵਰਸਿਟੀ ਵਿੱਚ ਲੇਖਕ ਅਤੇ ਟਿੱਪਣੀਕਾਰ ਸਰਬਪ੍ਰੀਤ ਸਿੰਘ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ। ਨਾਰੀ ਅਧਿਐਨ ਕੇਂਦਰ ਮਨੋਵਿਗਿਆਨ ਵਿਭਾਗ ਅਤੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਪ੍ਰੋਗਰਾਮ ’ਚ ਸਰਬਪ੍ਰੀਤ ਸਿੰਘ ਨੇ ਕਹਾਣੀ ਲਿਖਣ ਦੇ ਆਪਣੇ ਸਫ਼ਰ ਨੂੰ ਨਿੱਜੀ ਕਿੱਸਿਆਂ ਰਾਹੀਂ ਬਿਆਨਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਦਰ ਦਾ ਜਨੂੰਨ ਖੋਜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੁਰਮਤਿ ਗਿਆਨ, ਸਿੱਖ ਸਾਹਿਤ ਅਤੇ ਇਤਿਹਾਸ ਦੇ ਵਿਸ਼ਾਲ ਗਿਆਨ ਭਰਪੂਰ ਹਵਾਲੇ ਦਿੰਦਿਆਂ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਸਿੱਖ ਗੁਰੂਆਂ ਦੀਆਂ ਮਹਾਨ ਰਚਨਾਵਾਂ ਦਾ ਹਵਾਲਾ ਦਿੰਦੇ ਹੋਏ ਸਮਕਾਲੀ ਸਮੇਂ ਵਿੱਚ ਸੱਚ ਲਈ ਖੜ੍ਹੇ ਹੋਣ ਅਤੇ ਬਰਾਬਰੀ ਲਈ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖਤਾ ਅਤੇ ਭਾਈਚਾਰਕ ਸਾਂਝ ਦੀ ਸ਼ਕਤੀ ਹੀ ਮਨੁੱਖਤਾ ਨੂੰ ਦਰਪੇਸ਼ ਕਿਸੇ ਵੀ ਅੱਤਿਆਚਾਰ ਦਾ ਟਾਕਰਾ ਕਰ ਸਕਦੀ ਹੈ। ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ, ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਸੰਧੂ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਪ੍ਰੋ. ਰਾਜਬੰਸ ਸਿੰਘ ਗਿੱਲ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਯੋਗਦਾਨ ਪਾਉਣ ਵਾਲੇ ਹੋਰ ਫੈਕਲਟੀ ਮੈਂਬਰਾਂ ਵਿਚ ਪ੍ਰੋ. ਹਰਦੀਪ ਕੌਰ, ਡਾ. ਇੰਦਰਪ੍ਰੀਤ ਸੰਧੂ ਅਤੇ ਡਾ. ਤਾਰਿਕਾ ਸੰਧੂ ਸ਼ਾਮਲ ਸਨ।