ਗੁਰਨਾਮ ਸਿੰਘ ਅਕੀਦਾ
ਪਟਿਆਲਾ 5, ਨਵੰਬਰ
ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਪਟਿਆਲਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਕੈਨੇਡਾ ਵਿੱਚ ਰਹਿ ਰਹੀ ਪ੍ਰਸਿੱਧ ਕਵਿੱਤਰੀ ਸੁਰਿੰਦਰ ਗੀਤ ਦਾ ਰੂ-ਬ-ਰੂ ਇਥੇ ਦੇ ਜੀਐਨ ਗਰਲਜ਼ ਕਾਲਜ ਪਟਿਆਲਾ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਸੁਰਜੀਤ ਜੱਜ, ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਤੇ ਪ੍ਰੋ. ਸਤਿਨਾਮ ਸਿੰਘ ਸੰਧੂ ਚੇਅਰਮੈਨ ਜੀਐੱਨ ਗਰਲਜ਼ ਕਾਲਜ ਪਟਿਆਲਾ ਹਾਜ਼ਰ ਹੋਏ। ਸੁਰਿੰਦਰ ਗੀਤ ਨੇ ਕਿਹਾ ਕਿ ਉਸ ਨੇ ਸਾਰੀ ਜ਼ਿੰਦਗੀ ਰਿਸ਼ਤਿਆਂ, ਸਾਹਿਤ ਅਤੇ ਲੁਕਾਈ ਲਈ ਕੰਮ ਕਰਦਿਆਂ ਸੱਚ ਦਾ ਪੱਲਾ ਨਹੀਂ ਛੱਡਿਆ। ਸੰਵਾਦ ਦੌਰਾਨ ਡਾ. ਕੁਲਦੀਪ ਸਿੰਘ ਦੀਪ ਜਨਰਲ ਸਕੱਤਰ, ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ, ਇੰਦਰਪਾਲ ਸਿੰਘ ਅਤੇ ਸਤਪਾਲ ਸਿੰਘ ਚਹਿਲ ਨੇ ਸਵਾਲ ਕੀਤੇ। ਕਵਿੱਤਰੀ ਚਰਨਜੀਤ ਜੋਤ ਦੀ ਪਲੇਠੀ ਕਾਵਿ-ਪੁਸਤਕ ‘ਟਵਿੱਟਰ ਵਾਲੀ ਚਿੜੀ’ ਦਾ ਲੋਕ ਅਰਪਨ ਕੀਤਾ ਗਿਆ।