ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ (ਈ.ਸੀ.ਈ) ਵਿਭਾਗ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਹੋ ਗਈ ਹੈ। ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਦੇ ਉਦਘਾਟਨੀ ਸੈਸ਼ਨ ਦੌਰਾਨ ਵੱਖ ਵੱਖ ਪਹਿਲੂਆਂ ’ਤੇ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਐਨਆਈਟੀਟੀਟੀਆਰ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਡਾ. ਨੀਰਜ ਬਾਲਾ ਨੇ ਅਧਿਆਪਕਾਂ ਦੀ ਸਮਰੱਥਾ ਉਸਾਰੀ ’ਤੇ ਜ਼ੋਰ ਦਿੱਤਾ। ਉਦਘਾਟਨੀ ਸਮਾਰੋਹ ਦੇ ਸ਼ੁਰੂਆਤੀ ਦੌਰ ਵਿਚ ਪ੍ਰੋਗਰਾਮ ਦੇ ਲੋਕਲ ਕੋਆਰਡੀਨੇਟਰ ਡਾ. ਰੀਚਾ ਸ਼ਰਮਾ ਨੇ ਪ੍ਰੋਗਰਾਮ ਦੇ ਵਿਸ਼ਾ-ਵਸਤੂ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਸਮਾਗਮ ਦੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਫੈਕਲਟੀ ਮੈਂਬਰ ਇਸ ਪ੍ਰੋਗਰਾਮ ਦੌਰਾਨ ਪ੍ਰਾਪਤ ਕੀਤੀ ਜਾਣ ਵਾਲੀ ਸਿਖਲਾਈ ਵਿਦਿਆਰਥੀ ਦੀ ਭਲਾਈ ਲਈ ਵਰਤਣਗੇ। ਇਸ ਮੌਕੇ ਡਾ. ਰੀਚਾ ਸ਼ਰਮਾ ਅਤੇ ਡਾ. ਸੋਨੀਆ ਦੀ ਅਗਵਾਈ ਵਾਲੇ ਟੈਕਨੀਕਲ ਕਲੱਬ ਵੱਲੋਂ ਟੇਕਨੋਪੀਡੀਆ ਈ-ਮੈਗਜ਼ੀਨ ਦਾ ਉਦਘਾਟਨ ਕੀਤਾ ਗਿਆ। ਇਸ ਮੈਗਜ਼ੀਨ ਦੇ ਸੰਪਾਦਨ ਦਾ ਕੰਮ ਮਿਅੰਕ, ਜੈਸਮੀਨ, ਦਿਵਮ ਵੱਲੋਂ ਨਿਭਾਇਆ ਜਾਵੇਗਾ।
ਉਦਘਾਟਨੀ ਸੈਸ਼ਨ ਮੌਕੇ ਡਾ. ਗੁਰਮੀਤ ਕੌਰ, ਡਾ. ਮਨਜੀਤ ਸਿੰਘ ਬੰਮਰਾ, ਡਾ. ਕੁਲਵਿੰਦਰ ਸਿੰਘ, ਡਾ. ਚਰਨਜੀਤ ਸਿੰਘ, ਡਾ. ਅਮਨਦੀਪ ਸਿੰਘ ਸੱਪਲ, ਡਾ. ਸੋਨੀਆ, ਡਾ. ਲਵਕੇਸ਼, ਡਾ. ਅੰਮ੍ਰਿਤ ਕੌਰ, ਡਾ. ਹਰਜਿੰਦਰ ਸਿੰਘ, ਡਾ. ਸਿਮਰਨਜੀਤ ਸਿੰਘ, ਇੰਜ. ਭਾਵਨਾ ਉਤਰੇਜਾ, ਇੰਜ. ਕਰਮਜੀਤ ਕੌਰ, ਡਾ. ਰਮਨਦੀਪ ਕੌਰ ਡਾ. ਪ੍ਰੀਤੀ, ਅਮਰਦੇਵ ਸਿੰਘ, ਹਰਦੀਪ ਸਿੰਘ ਅਹੂਜਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।