ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 8 ਫਰਵਰੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਅਤੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਚਹਿਲ ਨੇ ਹਲਕਾ ਸਨੌਰ ਤੋ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਆਪਣੇ ਪੁੱਤਰ ਬਿਕਰਮਜੀਤ ਇੰਦਰ ਸਿੰਘ ਚਹਿਲ ਲਈ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਿਥੇ ਭੁਨਰਹੇੜੀ ਰੋਡ ’ਤੇ ਸਥਿਤ ਪਿੰਡ ਬਹਿਲ ਵਿੱਚ ਲੋਕਾਂ ਨਾਲ਼ ਮੁਲਾਕਾਤ ਕਰਦਿਆਂ, ਆਪਣੇ ਫਰਜੰਦ ਲਈ ਵੋਟਾਂ ਦੀ ਮੰਗ ਕੀਤੀ, ਉਥੇ ਹੀ ਕੁਝ ਹੋਰ ਪਿੰਡਾਂ ਦੀ ਫੇਰੀ ਵੀ ਪਾਈ। ਇਸੇ ਦੌਰਾਨ ਭਾਵੇਂ ਕਿ ਕੁਝ ਮਹੀਨੇ ਪਹਿਲਾਂ ਕਾਂਗਰਸ ਵਿੱਚ ਫੁੱਟ ਪੈਣ ਕਾਰਨ ਬਿਕਰਮ ਚਹਿਲ ਨੂੰ ਪੀਐੱਲਸੀ ਤੋਂ ਚੋਣ ਲੜਨੀ ਪੈ ਰਹੀ ਹੈ, ਪਰ ਸ੍ਰੀ ਚਹਿਲ ਨੇ ਦੋ ਸਾਲ ਪਹਿਲਾਂ ਹੀ ਆਪਣੇ ਫਰਜ਼ੰਦ ਲਈ ਸਨੌਰ ਹਲਕੇ ’ਤੇ ਅੱਖ ਰੱਖੀ ਹੋਈ ਸੀ। ਜਿਸ ਦੇ ਚੱਲਦਿਆਂ, ਚਹਿਲ ਪਰਿਵਾਰ ਵੱਲੋਂ ਹਲਕੇ ਵਿੱਚ ਸਮਾਜ ਸੇਵਕ ਪਰਿਵਾਰ ਵਜੋਂ ਵਿਚਰਦਿਆਂ ਕਈ ਕਾਰਜ ਕੀਤੇ ਗਏ ਹਨ। ਉਨ੍ਹਾਂ ਨੇ ਆਪਣੇ ਪੁੱਤਰ ਦੀ ਚੋਣ ਮੁਹਿੰਮ ਭਖਾਈ ਹੋਈ ਹੈ। ਇਸੇ ਦੌਰਾਨ ਬਿਕਰਮ ਚਹਿਲ ਨੇ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ’ਤੇ ਖਰਾ ਉਤਰੇਗਾ।