ਪੱਤਰ ਪ੍ਰੇਰਕ
ਸਮਾਣਾ, 28 ਜੂਨ
ਖੇਤ ਵਿੱਚ ਲੱਗੇ ਟਰਾਂਸਫਾਰਮਰ ਦਾ ਸਵਿੱਚ ਚੁੱਕਦੇ ਸਮੇਂ ਲੱਗੇ ਕਰੰਟ ਕਾਰਨ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲੀਸ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਹਾਦਰ ਸਿੰਘ (72) ਦੇ ਪੁੱਤਰ ਮਨਜੀਤ ਸਿੰਘ ਨਿਵਾਸੀ ਪਿੰਡ ਕੋਟਲੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਸ਼ੁੱਕਰਵਾਰ ਸਵੇਰੇ ਖੇਤ ’ਚ ਪਾਣੀ ਲਗਾਉਣ ਲਈ ਗਏ, ਉਸ ਦੇ ਪਿਤਾ ਟਰਾਂਸਫਾਰਮਰ ਦਾ ਸਵਿੱਚ ਚੁੱਕ ਰਹੇ ਸੀ ਕਿ ਕਰੰਟ ਦੀ ਲਪੇਟ ਵਿੱਚ ਆ ਗਏ ਅਤੇ ਮੌਕੇ ’ਤੇ ਮੌਤ ਹੋ ਗਈ। ਅਧਿਕਾਰੀ ਅਨੁਸਾਰ ਦਰਜ ਬਿਆਨਾ ਦੇ ਆਧਾਰ ’ਤੇ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।