ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਨਵੰਬਰ
ਪਿੰਡ ਢਾਬੀ ਗੁੱਜਰਾਂ ਦੇ ਨੇੜੇ ਪੰਜਾਬ-ਹਰਿਆਣਾ ਸਰਹੱਦ ’ਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਨਾਕਾਬੰਦੀ ਦੀ ਪ੍ਰਵਾਹ ਨਾ ਕਰਦਿਆਂ ਨੌਜਵਾਨਾਂ ਨੇ ਬੈਰੀਕੇਡ ਤੋੜ ਦਿੱਤੇ। ਹਰਿਆਣਾ ਪੁਲੀਸ ਦੇ ਪਾਣੀ ਦੀਆਂ ਬੁਛਾਰਾਂ ਵਾਲੀਆਂ ਖੜ੍ਹੀਆਂ ਕੀਤੀਆਂ ਗੱਡੀਆਂ ਦੇ ਨਾਲ ਨਾਲ ਬਖ਼ਤਰਬੰਦ ਗੱਡੀਆਂ ਤੇ ਕਰਮਚਾਰੀ ਵੀ ਪਿੱਛੇ ਹਟ ਗਏ। ਰਸਤਾ ਖੁੱਲ੍ਹ ਜਾਣ ’ਤੇ ਕਿਸਾਨ ਆਗੂਆਂ ਨੇ ਸੰਜਮ ਵਰਤਣ ਦੀ ਸਲਾਹ ਦਿੱਤੀ। ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਮੋਦੀ ਸਰਕਾਰ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਦੌਰਾਨ ਦਿੱਲੀ ਜਾਣ ਦੀ ਬਜਾਏ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਕੁਝ ਦਿਨਾਂ ਲਈ ਧਰਨਾ ਸ਼ੁਰੂ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਅਗਲੇ ਸੱਤ ਦਿਨਾਂ ਲਈ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਕੀਤੇ ਫ਼ੈਸਲੇ ਮੁਤਾਬਕ ਕਿ ਜਿਥੇ ਵੀ ਉਨ੍ਹਾਂ ਨੂੰ ਰੋਕਿਆ ਜਾਵੇਗਾ ਉੱਥੇ ਹੀ ਪੱਕਾ ਮੋਰਚਾ ਸ਼ੁਰੂ ਹੋਣਗੇ ਤਹਿਤ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸੰਘਰਸ਼ੀਆਂ ਦੀ ਹਾਜ਼ਰੀ ਵਿੱਚ ਗੀਤ ‘ਪੇਚਾ ਪੈ ਗਿਆ ਸੈਂਟਰ ਨਾਲ’ ਪੇਸ਼ ਕਰਕੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਉਥੇ ਹੀ ਸੈਂਕੜੇ ਕਿਸਾਨਾਂ ਨੇ ਕੈਥਲ ਕਰਨਾਲ ਰਸਤਿਆਂ ਰਾਹੀਂ ਦਿੱਲੀ ਕੂਚ ਕਰਨ ਵਿੱਚ ਸਫਲਤਾ ਹਾਸਲ ਕੀਤੀ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਰਾਤ ਸਮੇਂ ਉਲੀਕੀ ਗਈ ਯੋਜਨਾ ਦੇ ਤਹਿਤ ਵੱਖੋ ਵੱਖਰੇ ਰੱਸਿਆਂ ਰਾਹੀਂ ਤਿਆਰ ਕੀਤੀ ਗਈ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਪੂਰੀ ਜਾਨ ਲਾ ਦਿੱਤੀ। ਮਿੱਥੇ ਪ੍ਰੋਗਰਾਮ ਤਹਿਤ ਕੁਲ ਹਿੰਦ ਕਿਸਾਨ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਡਿਵੀਜ਼ਨ ਪਾਤੜਾਂ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਅਖੀਰਲੇ ਪਿੰਡ ਅਰਨੋ ਕੋਲ ਸੰਗਤਪੁਰਾ ਬਾਰਡਰ ’ਤੇ ਬੈਰੀਕੇਡਾਂ ਨੂੰ ਤੋੜ ਕੇ ਹਰਿਆਣਾ ’ਚ ਪ੍ਰਵੇਸ਼ ਕੀਤਾ।
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਦਿੱਲੀ ਮੋਰਚੇ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਦਾ ਕਾਫ਼ਲਾ ਮਸਤੂਆਣਾ ਸਾਹਿਬ ਤੋਂ ਸ਼ੰਭੂ ਬਾਰਡਰ ਵੱਲ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਦੀ ਅਗਵਾਈ ਵਿਚ ਰਵਾਨਾ ਹੋਇਆ।
ਸੰਦੌੜ (ਮੁਕੰਦ ਸਿੰਘ ਚੀਮਾ): ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮਹਾਂਸੰਘ ਦੇ ਸੱਦੇ ’ਤੇ ਅੱਜ ਅਨਾਜ ਮੰਡੀ ਸੰਦੌੜ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਲਈ ਰਵਾਨਾ ਹੋ ਗਏ। ਇਸ ਦੌਰਾਨ ਕਿਸਾਨਾਂ ਦੇ ਕੋਲ ਕਈ ਦਿਨ ਦਾ ਰਾਸ਼ਨ ਵੀ ਮੌਜੂਦ ਸੀ। ਡਾ. ਅਮਰਜੀਤ ਸਿੰਘ ਧਲੇਰ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਲਈ ਕਿਸਾਨ ਹਰ ਹੀਲੇ ਦਿੱਲੀ ਪਹੁੰਚ ਕੇ ਹੀ ਦਮ ਲੈਣਗੇ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਕੁੱਪ ਭੋਗੀਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਇਕਾਈ ਦੇ ਦਰਜਨ ਨੌਜਵਾਨ ਕਿਸਾਨਾਂ ਨੂੰ ਨਾਲ ਲੈ ਕੇ 3 ਟਰੈਕਟਰ ਟਰਾਲੀਆਂ ਸਮੇਤ ਦਿੱਲੀ ਲਈ ਰਵਾਨਾ ਹੋਏ। ਕਿਸਾਨ ਮੋਹਨਜੀਤ ਕੁੱਪ ਕਲਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਲਈ ਹਰ ਪਿੰਡ ਦੇ ਘਰ ਘਰ ’ਚੋ ਕਿਸਾਨ ਭਰਾ ਇਕੱਠੇ ਹੋ ਕੇ ਪੰਜ ਦਿਨਾਂ ਲਈ ਦਿੱਲੀ ਡੇਰਾ ਲਗਾਇਆ ਕਰਨਗੇ।
40 ਟਰੈਕਟਰ-ਟਰਾਲੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ
ਅਮਰਗੜ੍ਹ (ਰਾਜਿੰਦਰ ਜੈਦਕਾ): ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਅੱਜ ਟੌਲ ਪਲਾਜ਼ਾ ਮਾਹੋਰਾਣਾ, ਤੋਲੇਵਾਲ, ਚੌਂਦਾ, ਸਲਾਰ, ਦਾਣਾ ਮੰਡੀ ਅਮਰਗੜ੍ਹ, ਲਾਂਗੜੀਆਂ, ਸੰਗਾਲਾ, ਅਲੀਪੁਰ ਆਦਿ ਪਿੰਡਾਂ ਤੋਂ 40 ਟਰੈਕਟਰ-ਟਰਾਲੀਆਂ ਦਾ ਕਾਫ਼ਲਾ ਰਾਸ਼ਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਦਾਣਾ ਮੰਡੀ ਤੋਲੇਵਾਲ ਵਿੱਚ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਬਨਭੌਰਾ, ਸੁਖਵੰਤ ਸਿੰਘ, ਸੁਖਦੀਪ ਸਿੰਘ ਸਰਪੰਚ, ਰਣਬੀਰ ਸਿੰਘ, ਜਗਦੇਵ ਸਿੰਘ ਢਢੋਗਲ, ਨਰਿੰਦਰਜੀਤ ਸਿੰਘ ਸਲਾਰ, ਬਲਬੀਰ ਸਿੰਘ ਭੋਲਾ ਸੰਗਾਲਾ, ਮਿੱਠੂ ਸੰਗਾਲੀ, ਅਮ੍ਰਿਤਪਾਲ ਸਿੰਘ ਵਿਰਕ ਅਲੀਪੁਰ, ਹਰਬੰਸ ਸਿੰਘ ਚੌਂਦਾ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰਨ ਲਈ 5-6 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਚੱਲੇ ਹਨ। ਜਦੋਂ ਤੱਕ ਮੋਦੀ ਸਰਕਾਰ ਕਿਸਾਨਾਂ ਖ਼ਿਲਾਫ਼ ਲਾਗੂ ਕੀਤੇ ਅਰਡੀਨੈਂਸ ਰੱਦ ਨਹੀਂ ਕਰਦੀ, ਉਦੋਂ ਤੱਕ ਦਿਨ ਰਾਤ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਕੇਂਦਰ ਜਾਂ ਹਰਿਆਣਾ ਸਰਕਾਰ ਜੋ ਕੋਈ ਵੀ ਹਥਕੰਡਾ ਵਰਤੇ ਪਰ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਵੀ ਰੋਕ ਨਹੀਂ ਸਕਦਾ।