ਖੇਤਰੀ ਪ੍ਰਤੀਨਿਧ
ਪਟਿਆਲਾ, 4 ਜੂਨ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਜ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀਆਂ ‘ਕਿਸਾਨ ਉਤਪਾਦਕ ਸੰਸਥਾਵਾਂ’ ਬਣਾ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ’ਚ ਸਹਾਇਤਾ ਕਰਨ ਲਈ ਅੱਗੇ ਆਉਣ। ਉਨ੍ਹਾਂ ਸ਼ੁੱਕਰਵਾਰ ਨੂੰ ਇਥੇ ਸਥਿਤ ਬਾਣੀ ਦੁੱਧ ਉਤਪਾਦਕ ਕੰਪਨੀ ਦੇ ਮੁੱਖ ਦਫ਼ਤਰ ਦਾ ਦੌਰਾ ਕਰਨ ਅਤੇ ‘ਕਿਸਾਨ ਉਤਪਾਦਕ ਸੰਸਥਾ’ ਵਾਲੇ ਮਾਡਲ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਨੇ ਬਾਣੀ ਦੁੱਧ ਉਤਪਾਦਕ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਰਿੰਦਰ ਬਾਗਾ ਅਤੇ ਦੁੱਧ ਇਕੱਤਰਨ ਮੁਖੀ ਡਾ. ਨਵਦੀਪ ਧੰਮ ਤੋਂ ਐੱਫ.ਪੀ.ਓ. ਬਾਣੀ ਬਾਬਤ ਜਾਣਕਾਰੀ ਹਾਸਲ ਕੀਤੀ।
ਸ੍ਰੀ ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਜ਼ੋਰ-ਸ਼ੋਰ ਨਾਲ ਹੋਰ ਅੱਗੇ ਵਧਾਉਣ ਲਈ ਸਾਡੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉੱਦਮੀਆਂ ਦੇ ਸਿੱਧੇ ਤੌਰ ’ਤੇ ਸਹਿਯੋਗ ਦੀ ਇਕਜੁਟਤਾ ਦੇ ਨਾਲ ਲੋੜ ਹੈ। ਇਨ੍ਹਾਂ ਸਾਰਿਆਂ ਨੂੰ ਇਕਮੁੱਠ ਕਰਕੇ ਨਾਲ ਤੋਰਨ ਲਈ ਐੱਫ.ਪੀ.ਓਜ਼ ਇੱਕ ਵਧੀਆ ਸਾਧਨ ਹੈ ਪਰ ਅਫ਼ਸੋਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਤਵੱਜੋ ਨਹੀਂ ਦਿੱਤੀ। ਸਪੀਕਰ ਨੇ ਕਿਹਾ ਕਿ ਪੰਜਾਬ ਲਈ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਸਰਕਾਰ, ਰਾਜ ਨੂੰ ਰੰਗਲਾ ਪੰਜਾਬ ਬਣਾਉਣ ਦੀ ਯੋਜਨਾ ’ਤੇ ਸਫ਼ਲਤਾ ਪੂਰਵਕ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਆਸ ਹੈ ਕਿ ਬਾਣੀ ਦੁੱਧ ਉਦਪਾਦਕ ਕੰਪਨੀ, ਜੋ ਕਿ ਐਫ.ਪੀ.ਓਜ਼ ਦਾ ਇੱਕ ਸਫ਼ਲ ਮਾਡਲ ਹੈ, ਦੀ ਤਰ੍ਹਾਂ ਅਜਿਹੀਆਂ ਹੋਰ ਐਫ.ਪੀ.ਓਜ਼ ਦਾ ਗਠਨ ਕਰਕੇ ਪੰਜਾਬ ਦਾ ਭਵਿੱਖ ਉਜਵਲ ਬਣਾਇਆ ਜਾਵੇਗਾ। ਸੰਧਵਾਂ ਨੇ ਅੱਗੇ ਇਹ ਵੀ ਕਿਹਾ ਕਿ ਦੁਨੀਆਂ ’ਚ ਉਹ ਵਿਅਕਤੀ ਅਮੀਰ ਹੋ ਸਕਦਾ ਹੈ ਜਿਸ ਕੋਲ ਖਾਣਾ ਹੋਵੇ ਅਤੇ ਸਾਡੇ ਕਿਸਾਨਾਂ ਦੇ ਹੱਥ ਵਿੱਚ ਤਾਂ ਖਾਣੇ ਦੀ ਕੁੰਜੀ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਉਤਪਾਦਨ ਦੀ ਢੰਗ ਨਾਲ ਮਾਰਕੀਟਿੰਗ ਤੇ ਇਸ ਨੂੰ ਗਾਹਕ ਤੱਕ ਲੈਕੇ ਜਾਣ ਦੀ ਕਲਾ ਸਿੱਖਣ ਦੀ ਲੋੜ ਹੈ।