ਪੱਤਰ ਪ੍ਰੇਰਕ
ਰਾਜਪੁਰਾ, 29 ਅਕਤੂਬਰ
ਕੱਲ੍ਹ ਦੇਰ ਰਾਤ ਨੂੰ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਡੀ.ਏ.ਪੀ ਖਾਦ ਦਾ ਰੈਕ ਲੱਗਣ ਦੇ ਬਾਵਜੂਦ ਇਲਾਕੇ ਦੀਆਂ ਸਹਿਕਾਰੀ ਸਭਾਵਾਂ ਅਤੇ ਦੁਕਾਨਦਾਰਾਂ ਨੂੰ ਲੋੜੀਂਦੀ ਖਾਦ ਨਾ ਮਿਲਣ ਕਾਰਨ ਕਿਸਾਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਪਰ ਰਿਹਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਰਾਤ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਡੀ.ਏ.ਪੀ ਖਾਦ ਦਾ ਰੈਕ ਲੱਗਿਆ ਜਿਸ ਵਿੱਚੋਂ ਖਾਦ ਪ੍ਰਾਪਤ ਕਰਨ ਲਈ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਹਿੱਸਿਆਂ ਦੇ ਸਹਿਕਾਰੀ ਸਭਾਵਾਂ ਦੇ ਸਕੱਤਰ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਲੈ ਕੇ ਪੁੱਜ ਗਏ। ਪ੍ਰੰਤੂ ਡੀ.ਏ.ਪੀ ਖਾਦ ਦੇ ਇਸ ਰੈਕ ਵਿੱਚ ਲਿਆਂਦੇ ਗਏ 71 ਹਜ਼ਾਰ ਥੈਲਿਆਂ ਵਿੱਚੋਂ ਰਾਜਪੁਰਾ ਦੇ ਸਹਿਕਾਰੀ ਸਭਾਵਾਂ ਅਤੇ ਦੁਕਾਨਦਾਰਾਂ ਨੂੰ ਕੇਵਲ 15 ਹਜ਼ਾਰ ਥੈਲੇ ਹੀ ਮਿਲ ਸਕੇ।
ਉਹ ਵੀ ਕਿਸਾਨ ਆਗੂਆਂ ਹਰਜੀਤ ਸਿੰਘ ਟਹਿਲਪੁਰਾ, ਮਾਨ ਸਿੰਘ ਰਾਜਪੁਰਾ, ਗੁਰਦੇਵ ਸਿੰਘ ਅਤੇ ਨਾਭਾ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਊਗਰਾਹਾਂ ਦੇ ਆਗੂਆਂ ਵੱਲੋਂ ਰੋਸ ਪ੍ਰਗਟ ਕਰਨ ’ਤੇ ਸੰਭਵ ਹੋ ਸਕਿਆ। ਇਸ ਮੌਕੇ ਕਿਸਾਨ ਆਗੂ ਦੋਸ਼ ਲਗਾ ਰਹੇ ਸਨ ਕਿ ਕੁਝ ਦੁਕਾਨਦਾਰਾਂ ਵੱਲੋਂ ਡੀ.ਏ.ਪੀ ਖਾਦ ਮਹਿੰਗੇ ਭਾਅ ’ਤੇ ਬਲੈਕ ਵਿੱਚ ਵੇਚਿਆ ਜਾ ਰਿਹਾ ਹੈ। ਪ੍ਰੰਤੂ ਸਬੰਧਤ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ।
ਇਸ ਸਬੰਧੀ ਜ਼ਿਲ੍ਹਾ ਖਾਦ ਵੰਡ ਅਫਸਰ ਮੱਖਣ ਸਿੰਘ ਗਿੱਲ ਨਾਲ ਸੰਪਰਕ ਨਹੀਂ ਹੋ ਸਕਿਆ। ਜਦੋਂ ਕਿ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਵਿਪਨ ਸਿੰਗਲਾ ਦਾ ਕਹਿਣਾ ਸੀ ਕਿ ਨਿਯਮ ਮੁਤਾਬਕ ਖਾਦ ਦੇ ਇੱਕ ਰੈਕ ਵਿੱਚ ਕੰਪਨੀ ਵੱਲੋਂ 50 ਫੀਸਦੀ ਖਾਦ ਪ੍ਰਾਈਵੇਟ ਦੁਕਾਨਦਾਰਾਂ ਲਈ ਅਤੇ 50 ਫੀਸਦੀ ਸਹਿਕਾਰੀ ਸਭਾਵਾਂ ਨੂੰ ਭੇਜੀ ਜਾਂਦੀ ਹੈ।
ਮਾਰਕਫੈੱਡ ਦੇ ਕੋਟੇ ਦੀ ਖਾਦ ਨਾਲ ਪ੍ਰਾਈਵੇਟ ਦੁਕਾਨਦਾਰਾਂ ਦਾ ਕੋਈ ਲੈਣਾ ਦੇਣਾ ਨਹੀਂ। ਪ੍ਰੰਤੂ ਹੁਣ ਖਾਦ ਦੀ ਘਾਟ ਕਾਰਨ ਦਿੱਕਤਾਂ ਆ ਰਹੀਆਂ ਹਨ। ਜੋ ਜਲਦੀ ਹੱਲ ਹੋਣ ਦੀ ਸੰਭਾਵਨਾ ਹੈ। ਡੀ.ਏ.ਪੀ ਖਾਦ ਦੀ ਕਾਲ ਬਜਾਰੀ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਖੇਤੀਬਾੜੀ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਸ ਦੇ ਅਧਿਕਾਰੀ ਚੈਕਿੰਗ ਕਰਕੇ ਕੋਈ ਕਾਰਵਾਈ ਕਰ ਸਕਦੇ ਹਨ।