ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਕਤੂਬਰ
ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਦਸਵੇਂ ਦਿਨ ਵੀ ਬਹਾਦਰਗੜ੍ਹ ਨੇੜੇ ਧਰੇੜੀ ਜੱਟਾਂ ਦੇ ਨੈਸ਼ਨਲ ਹਾਈਵੇਅ ਟੌਲ ਪਲਾਜ਼ੇ ’ਤੇ ਕਿਸਾਨਾਂ ਦਾ ਕਬਜ਼ਾ ਰਿਹਾ ਜਿਸ ਦੌਰਾਨ ਕਿਸਾਨਾਂ ਨੇ ਅੱਜ ਵੀ ਇਥੇ ਕਿਸੇ ਵਾਹਨ ਦੀ ਪਰਚੀ ਨਾ ਕੱਟਣ ਦਿੱਤੀ।
ਇਸ ਧਰਨੇ ਨੂੰ ਸਫਲ ਬਣਾਉਣ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਦੋ ਕਿਸਾਨ ਜਥੇਬੰਦੀਆਂ ਅਤੇ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵਿਦਿਆਰਥੀ ਜਥੇਬੰਦੀਆਂ ਸ਼ਾਮਿਲ ਹਨ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਦਰਸ਼ਨ ਸਿੰਘ ਲਾਡੀ ਢੈਂਠਲ, ਗੁਰਨਾਮ ਸਿੰਘ ਬਲਾਕ ਪ੍ਰਧਾਨ, ਸੰਤ ਸਿੰਘ ਝੁੰਗੀਆਂ, ਹਰਬੰਸ ਸਿੰਘ ਮਹਿਮੂਦਪੁਰ ਸਾਬਕਾ ਸਰਪੰਚ, ਸਤਪਾਲ ਸਿੰਘ ਮਹਿਮਦਪੁਰ, ਗਿਆਨ ਸਿੰਘ ਰਾਏਪੁਰ ਮੰਡਲਾਂ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਪਟਿਆਲਾ, ਦਰਸ਼ਨ ਸਿੰਘ ਪ੍ਰਧਾਨ ਨਰੜੂ ਨੇ ਸੰਬੋਧਨ ਕੀਤਾ।
ਿਕਸਾਨ ਯੂਨੀਅਨ ਉਗਰਾਹਾਂ ਨੇ ਧਬਲਾਨ ਰੇਲਵੇ ਟਰੈਕ ਤੋਂ ਧਰਨਾ ਚੁੱਕਿਆ
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠਾਂ ਪਟਿਆਲਾ ਨੇੜੇ ਸਥਿਤ ਪਿੰਡ ਧਬਲਾਨ ਵਿਖੇ ਰੇਲਵੇ ਟਰੈਕ ’ਤੇ 11 ਦਿਨਾ ਤੋਂ ਜਾਰੀ ਪੱਕਾ ਮੋਰਚਾ ਅੱਜ ਚੁੱਕ ਲਿਆ ਗਿਆ। ਇਹ ਫੈਸਲਾ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੀ ਹਦਾਇਤ ’ਤੇ ਲਿਆ ਗਿਆ ਹੈ ਜਿਸ ਤਹਿਤ ਹੁਣ ਇਨ੍ਹਾਂ ਕਿਸਾਨਾਂ ਵੱਲੋਂ ਜ਼ਿਲ੍ਹੇ ਭਰ ਵਿਚ ਬਲਾਕ ਪੱਧਰ ’ਤੇ ਧਰਨੇ ਮਾਰੇ ਜਾਣਗੇ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਨਿਆਲ ਦਾ ਕਹਿਣਾ ਸੀ ਕਿ ਯੂਨੀਅਨ ਦੇ ਕਾਰਕੁਨਾਂ ਵੱਲੋਂ 13 ਅਕਤੂਬਰ ਤੋਂ ਜਿਥੇ ਨਾਭਾ ਸਥਿਤ ਭਾਜਪਾ ਦੇ ਇੱਕ ਆਗੂ ਦੇ ਘਰ ਦੇ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ, ਉਥੇ ਹੀ ਜ਼ਿਲ੍ਹੇ ਵਿਚਲੇ ਕੁਝ ਪੈਟਰੋਲ ਪੰਪਾਂ ਅਤੇ ਅਜਿਹੀਆਂ ਹੋਰ ਇਕਾਈਆਂ ’ਤੇ ਵੀ ਕੱਲ੍ਹ ਤੋਂ ਧਰਨੇ ਮਾਰੇ ਜਾਣਗੇ। ਇਸੇ ਦੌਰਾਨ ਧਬਲਾਨ ਵਿਚਲੇ ਧਰਨੇ ਦੌਰਾਨ ਕਿਸਾਨ ਆਗੂਆਂ ਸਮੇਤ ਕੁਝ ਬੱਚੀਆਂ ਨੇ ਵੀ ਕਵਿਤਾਂ ਦੇ ਰੂਪ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਉਭਾਰੀਆਂ।
ਸ਼ੰਭੂ ਬੈਰੀਅਰ ਉਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਧਰਨਾ
ਰਾਜਪੁਰਾ (ਪੱਤਰ ਪ੍ਰੇਰਕ): ਖੇਤੀ ਕਾਨੁੂੰਨਾਂ ਅਤੇ ਬਿਜਲੀ ਸੋਧ ਐਕਟ 2020 ਖਿਲਾਫ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸੈਂਕੜੇ ਕਿਸਾਨ ਕਾਰਕੁਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਰੋਕੋ ਧਰਨਾ ਬਾਰਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਗੁਰਬਖਸ਼ ਸਿੰਘ ਬਲਬੇੜਾ, ਗੁਲਜ਼ਾਰ ਸਿੰਘ ਸਲੇਮਪੁਰ ਜੱਟਾਂ, ਹਜੂਰਾ ਸਿੰਘ ਮਿਰਜ਼ਾਪੁਰ, ਸੇਵਾ ਸਿੰਘ ਪਨੌਦੀਆ, ਜੰਗ ਸਿੰਘ ਭਟੇੜੀ, ਪ੍ਰੇਮ ਸਿੰਘ ਭੰਗੂ ਅਤੇ ਦਰਬਾਰਾ ਸਿੰਘ ਆਕੜ ਨੇ ਕੀਤੀ। ਧਰਨੇ ਵਿੱਚ ਵੱਡੀ ਗਿਣਤੀ ਸ਼ਾਮਿਲ ਕਿਸਾਨਾਂ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪ੍ਰੇਮ ਸਿੰਘ ਭੰਗੂ ਨੇ ਆਖਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੁਆਰਾ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ ਜਿਸ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ।