ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਨੈਸ਼ਨਲ ਹਾਈਵੇਅ ’ਤੇ ਬਹਾਦਰਗੜ੍ਹ ਨੇੜੇ ਪਿੰਡ ਧਰੇੜੀ ਜੱਟਾਂ ਵਿਚ ਟੌਲ ਪਲਾਜ਼ੇ ’ਤੇ ਕਿਸਾਨਾਂ ਦਾ ਧਰਨਾ 12ਵੇਂ ਦਿਨ ਵੀ ਜਾਰੀ ਰਿਹਾ ਜਿਸ ਤਹਿਤ ਅੱਜ ਵੀ ਇਥੇ ਮੌਜੂਦ ਕਿਸਾਨਾਂ ਨੇ ਕਿਸੇ ਵੀ ਵਾਹਨ ਦੀ ਪਰਚੀ ਨਾ ਕੱਟਣ ਦਿੱਤੀ। ਇਸ ਟੌਲ ਪਲਾਜ਼ੇ ’ਤੇ ਅਦਾਕਾਰ ਹਰਭਜਨ ਮਾਨ ਤੇ ਪੰਮੀ ਬਾਈ ਵੀ ਵੱਖੋ ਵੱਖਰੇ ਦਿਨ ਹਾਜ਼ਰੀ ਲਵਾ ਚੁੱਕੇ ਹਨ। ਦੋਵਾਂ ਕਲਾਕਾਰਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਵੀ ਕਿਸਾਨ ਦੇ ਪੁੱਤ ਹਨ। ਇਸ ਲਈ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਕਿਸਾਨ ਭਰਾਵਾਂ ਅਤੇ ਬਜ਼ੁਰਗਾਂ ਨਾਲ਼ ਇਸ ਧਰਨੇ ’ਚ ਕੇਂਦਰ ਸਰਕਾਰ ਖਿਲਾਫ਼ ਰੋਸ ਦਾ ਇਜ਼ਹਾਰ ਕਰਨ। ਅੱਜ ਦੇ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਗਿਆਨ ਸਿੰਘ ਰਾਏਪੁਰ, ਸੁਰਿੰਦਰ ਸਿੰਘ ਕਕਰਾਲਾ, ਹਰਮੇਲ ਸਿੰਘ ਮੈਣ, ਸੰਤ ਸਿੰਘ ਝੁੰਗੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਮੋਦੀ ਸਰਕਾਰ ਖ਼ਿਲਾਫ ਰੋਸ ਪ੍ਰਗਟ ਕਰਦੇ ਹੋਏ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਰਾਜਪੁਰਾ (ਪੱਤਰ ਪ੍ਰੇਰਕ): ਨਵੇਂ ਤਿੰਨ ਖੇਤੀ ਕਾਨੁੂੰਨਾਂ ਅਤੇ ਬਿਜਲੀ ਸੋਧ ਐਕਟ 2020 ਖਿਲਾਫ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸੈਂਕੜੇ ਕਾਰਕੁਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਰੋਕੋ ਧਰਨਾ ਬਾਰਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਗੁਰਬਖਸ਼ ਸਿੰਘ ਬਲਬੇੜਾ, ਜੰਗ ਸਿੰਘ ਭਟੇੜੀ, ਗੁਲਜ਼ਾਰ ਸਿੰਘ ਸਲੇਮਪੁਰ ਜੱਟਾਂ, ਬਲਦੇਵ ਸਿੰਘ ਬਠੋਈ, ਹਰੀ ਸਿੰਘ ਦੌਣ, ਸੁਖਵਿੰਦਰ ਸਿੰਘ ਤੁਲੇਵਾਲ, ਹਜੂਰਾ ਸਿੰਘ ਮਿਰਜਾਂਪੁਰ ਸਮੇਤ ਹੋਰਨਾਂ ਆਗੂਆਂ ਨੇ ਕੀਤੀ।
ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ਼
ਸਮਾਣਾ (ਸੁਭਾਸ਼ ਚੰਦਰ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨੀ ਬਿੱਲਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਆਗੂ ਜਗਮੇਲ ਸਿੰਘ ਦੀ ਅਗਵਾਈ ਵਿਚ ਸਮਾਣਾ-ਪਾਤੜਾ ਮੁੱਖ ਸੜਕ ’ਤੇ ਰਿਲਾਇੰਸ ਪੰਪ ਦੇ ਨੇੜੇ ਲਗਾਇਆ ਗਿਆ ਧਰਨਾ 9ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਯੂਨੀਅਨ ਦੇ ਬੁਲਾਰਿਆਂ ਜਗਮੇਲ ਸਿੰਘ ਗਾਜੇਵਾਸ, ਭਰਪੂਰ ਸਿੰਘ, ਗੁਰਵਿੰਦਰ ਸਿੰਘ, ਚਿਨਿਤ ਸਿੰਘ ਬੁਜਰਕ, ਜਸਪਾਲ ਸਿੰਘ ਬੇਲੂਮਾਜਰਾ, ਅਜੈਬ ਸਿੰਘ ਬਿਸ਼ਨਪੁਰ ਨੇ ਕਿਹਾ ਕਿ ਅੰਬਾਨੀ ਤੇ ਅਡਾਨੀ ਦੇ ਵੱਡੇ ਵੱਡੇ ਮਾਲ ਤੇ ਪੈਟਰੋਲ ਪੰਪਾਂ ਨੂੰ ਜਲਦੀ ਹੀ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਬਾਹਰੋਂ ਝੋਨਾ ਲਿਆਉਣ ਦਾ ਵੀ ਸਖਤ ਵਿਰੋਧ ਕੀਤਾ ਜਾਵੇਗਾ।
ਉਗਰਾਹਾਂ ਯੂਨੀਅਨ ਵੀ ਕਰੇਗੀ ਕੇਂਦਰ ਨਾਲ ਮੀਟਿੰਗ ’ਚ ਸ਼ਿਰਕਤ
ਪਟਿਆਲਾ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਵਿੱਚ ਅੱਜ ਤੀਹ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ’ਚ ਤਾਂ ਕਿਸਾਨ ਯੂਨੀਅਨ (ਉਗਰਾਹਾਂ) ਨੇ ਭਾਵੇਂ ਸ਼ਿਰਕਤ ਨਹੀਂ ਕੀਤੀ ਪਰ ਇਨ੍ਹਾਂ ਜਥੇਬੰਦੀਆਂ ਵੱਲੋਂ 14 ਅਕਤੂਬਰ ਨੂੰ ਕੇਂਦਰ ਸਰਕਾਰ ਨਾਲ਼ ਮੀਟਿੰਗ ਕਰਨ ਦੇ ਲਏ ਗਏ ਫੈਸਲੇ ਨਾਲ਼ ਸਹਿਮਤ ਹੁੰਦਿਆਂ, ਕੇਂਦਰ ਨਾਲ਼ ਹੋਣ ਵਾਲ਼ੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਇਹ ਪ੍ਰਗਟਾਵਾ ਮੀਟਿੰਗ ਸਬੰਧੀ ਕੇਂਦਰ ਦਾ ਸੱਦਾ ਪ੍ਰਵਾਨ ਹੋਣ ਤੋਂ ਤੁਰੰਤ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦਾ ਤਰਕ ਸੀ ਕਿ ਜਥੇਬੰਦੀ ਦਾ ਕੋਈ ਐਕਸ਼ਨ ਵੱਖਰਾ ਹੋ ਸਕਦਾ ਹੈ ਪਰ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨੀ ਅੰਦੋਲਨ ਆਧਾਰਿਤ ਮੁੱਦੇ ’ਤੇ ਉਨ੍ਹਾਂ ਦੀ ਯੂਨੀਅਨ ਬਾਕੀ ਕਿਸਾਨ ਧਿਰਾਂ ਦੇ ਪੂਰੀ ਤਰ੍ਹਾਂ ਨਾਲ਼ ਹੈ। ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਅੰਦੋਲਨ ਤੋਂ ਕਿਨਾਰਾ ਕਰ ਲਏ ਜਾਣ ਸਬੰਧੀ ਕੁਝ ਕਿਸਾਨਾਂ ਤੇ ਹੋਰਾਂ ਵੱਲੋਂ ਅਫਵਾਹਾਂ ਉਡਾਉਣ ਦਾ ਵੀ ਉਗਰਾਹਾਂ ਨੇ ਗੰਭੀਰ ਨੋਟਿਸ ਲਿਆ। ਸੂਬਾ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਰੇਲਵੇ ਲਾਈਨਾਂ ਤੋਂ ਧਰਨੇ ਚੁੱਕਣ ਦੀ ਕਾਰਵਾਈ ਨੂੰ ਮੈਦਾਨ ਛੱਡ ਦੇਣ ਨਾਲ਼ ਜੋੜ ਕੇ ਨਹੀਂ ਵੇਖਿਆ ਜਾ ਸਕਦਾ।