ਗੁਰਨਾਮ ਸਿੰਘ ਚੌਹਾਨ
ਪਾਤੜਾਂ, 31 ਅਗਸਤ
ਪਿੰਡ ਹਰਿਆਊ ਕਲਾਂ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਵਿਚਾਲੇ ਪਿਛਲੇ ਸਾਉਣੀ ਦੇ ਸੀਜ਼ਨ ਦੌਰਾਨ ਲਗਾਏ ਗਏ ਝੋਨੇ ਦੇ ਭਾਅ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਕਿਸਾਨ ਭਾਈਚਾਰੇ ਦੇ ਲੋਕ ਵੀ ਇਕਜੁੱਟ ਹੋ ਗਏ ਹਨ । ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਬਾਹਰੋਂ ਆਏ ਲੋਕਾਂ ਉੱਤੇ ਪਿੰਡ ਦੇ ਖੇਤ ਮਜ਼ਦੂਰਾਂ ਨੂੰ ਗੁੰਮਰਾਹ ਕਰ ਕੇ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਗਾਏ ਹਨ। ਇਸ ਦੌਰਾਨ ਇਕੱਤਰ ਹੋਏ ਕਿਸਾਨਾਂ ਅਤੇ ਪਿੰਡ ਦੀ ਪੰਚਾਇਤ ਨੇ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਮੰਗ ਪੱਤਰ ਭੇਜ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿੰਡ ਹਰਿਆਊ ਕਲਾਂ ਦੇ ਗੁਰਜੰਟ ਸਿੰਘ, ਨੰਬਰਦਾਰ ਭੋਲਾ ਸਿੰਘ, ਮੈਂਬਰ ਪੰਚਾਇਤ ਮੇਜਰ ਸਿੰਘ, ਤੇਜਾ ਸਿੰਘ, ਕਿਸਾਨ ਆਗੂ ਗੁਰਪਿਆਰ ਸਿੰਘ ਤੇ ਲਾਲ ਸਿੰਘ ਆਦਿ ਨੇ ਦੱਸਿਆ ਕਿ ਸਾਉਣੀ ਦੇ ਸੀਜ਼ਨ ਦੌਰਾਨ ਝੋਨਾ ਲਾਉਣ ਲਈ ਖੇਤ ਮਜ਼ਦੂਰਾਂ ਨਾਲ ਲਵਾਈ ਦਾ ਭਾਅ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਰੇਟ ਨਿਰਧਾਰਤ ਕੀਤਾ ਗਿਆ ਸੀ ਜਿਸ ਦਾ ਮਜ਼ਦੂਰ ਭਾਈਚਾਰੇ ਦੇ ਲੋਕਾਂ ਨੇ ਵੀ ਸਮਰਥਨ ਕੀਤਾ ਸੀ। ਇਸ ਦੌਰਾਨ ਮਜ਼ਦੂਰ ਭਾਈਚਾਰੇ ਨਾਲ ਸਬੰਧਤ 70 ਫ਼ੀਸਦ ਤੋਂ ਵੱਧ ਲੋਕਾਂ ਨੇ ਕਿਸਾਨਾਂ ਕੋਲੋਂ ਝੋਨੇ ਦੀ ਮਜ਼ਦੂਰੀ ਲੈ ਲਈ ਪਰ ਕੁਝ ਲੋਕ ਜਾਣਬੁੱਝ ਕੇ ਪਿੰਡ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਭਾਈਚਾਰੇ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਮਜ਼ਦੂਰ ਭਾਈਚਾਰੇ ਦੇ ਵਿਰੋਧੀ ਨਹੀਂ ਹਨ ਅਤੇ ਤੈਅ ਕੀਤੀ ਗਈ ਸ਼ਰਤ ਮੁਤਾਬਕ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਭਾਅ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਭਾਈਚਾਰੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਵਿਚਾਲੇ ਵਿਵਾਦ ਪੈਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।