ਪੱਤਰ ਪ੍ਰੇਰਕ
ਰਾਜਪੁਰਾ, 21 ਮਈ
ਪਿੰਡ ਨਲਾਸ ਦੇ ਥਰਮਲ ਪਲਾਂਟ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਊਗਰਾਹਾ) ਦੀ ਬਲਾਕ ਪੱਧਰੀ ਮੀਟਿੰਗ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਤੇ ਜਿਲ੍ਹਾ ਖਜ਼ਾਨਚੀ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਸੰਤੋਖ ਸਿੰਘ ਸੂਰਲ ਖੁਰਦ, ਕ੍ਰਿਸ਼ਨ ਚੰਦ ਨਲਾਸ ਖੁਰਦ, ਮੇਜਰ ਸਿੰਘ, ਅਜਮੇਰ ਸਿੰਘ ਕੋਟਲਾ, ਰਜਿੰਦਰ ਸਿੰਘ ਦਭਾਲੀ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਛੇ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਵਿੱਢੇ ਗਏ ਕਿਸਾਨ ਅੰਦੋਲਨ ਨੂੰ ਹੋਰ ਮਜਬੂਤੀ ਦੇਣ ਅਤੇ 26 ਮਈ ਨੂੰ ਮੋਦੀ ਸਰਕਾਰ ਖਿਲਾਫ ਕਾਲਾ ਦਿਨ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ 26 ਮਈ ਨੂੰ ਸਾਰੇ ਪਿੰਡਾਂ ਦੇ ਘਰਾਂ, ਖੇਤਾਂ ਵਿੱਚ ਟਿਊਬਵੈਲ ਮੋਟਰਾਂ ਦੇ ਕੋਠਿਆਂ, ਵਾਹਨਾਂ ’ਤੇ ਕਾਲੇ ਝੰਡੇ ਲਗਾ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਨਾਅਰੇਬਾਜ਼ੀ ਕਰਕੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਜਾਣਗੇ।
ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੀ ਬੈਠਕ ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਅਤੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਬਲਾਕ ਦੇ ਤਕਰੀਬਨ ਦੋ ਦਰਜਨ ਪਿੰਡਾਂ ਦੇ ਆਗੂਆਂ ਨੇ ਸ਼ਸਮੂਲੀਅਤ ਕੀਤੀ । ਇਸ ਮੌਕੇ ਆਗੂਆਂ ਨੇ ਦੱਸਿਆ ਕਿ 26 ਮਈ ਨੂੰ ਯੂਨੀਅਨ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪੁਤਲੇ ਫ਼ੂਕ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨ- ਮਜ਼ਦੂਰਾਂ ਨੂੰ ਦਿੱਲੀ ਮੋਰਚੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ।