ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਕਤੂਬਰ
ਕੇਂਦਰ ਵੱਲੋਂ ਖੇਤੀ ਵਿਰੋਧੀ ਬਣਾਏ ਗਏ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿਚ ਵੀ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਜਾਰੀ ਹਨ। ਇਸ ਕੜੀ ਵਜੋਂ ਰੇਲਵੇ ਟਰੈਕ ’ਤੇ ਕਿਸਾਨਾਂ ਦਾ ਪਹਿਲਾ ਧਰਨਾ ਦਿੱਲੀ ਦੀ ਤਰਫ਼ੋਂ ਪੰਜਾਬ ਦਾ ਪ੍ਰਵੇਸ਼ ਦੁਆਰ ਮੰਨੇ ਜਾਂਦੇ ਪਟਿਆਲਾ ਜ਼ਿਲ੍ਹੇ ਵਿਚਲੇ ਸ਼ੰਭੂ ਵਿਖੇ ਲੱਗਾ ਹੋਇਆ ਹੈ। ਇਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਦਿਨ ਰਾਤ ਦਾ ਪੱਕਾ ਧਰਨਾ ਮਾਰਿਆ ਹੋਇਆ ਹੈ। ਇਸੇ ਤਰ੍ਹਾਂ ਪਟਿਆਲਾ ਧੂਰੀ ਰੋਡ ’ਤੇ ਸਥਿਤ ਧਬਲਾਨ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਨੇ ਇਕੱਲਿਆਂ ਹੀ ਰੇਲਵੇ ਟਰੈਕ ’ਤੇ ਪੱਕਾ ਧਰਨਾ ਮਾਰਿਆ ਹੋਇਆ ਹੈ, ਜਿਸ ਵਿੱਚ ਔਰਤਾਂ ਸਮੇਤ ਬੱਚੇ ਵੀ ਹਿੱਸਾ ਲੈ ਰਹੇ ਹਨ।
ਉਂਜ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ’ਤੇ ਮਾਨ ਦਲ ਅਤੇ ਕਲਾਕਾਰ ਦੀਪ ਸਿੱਧੂ ਦੀ ਅਗਵਾਈ ਹੇਠਾਂ ਨੌਜਵਾਨਾ ਵੱਲੋਂ ਵੀ ਕਿਸਾਨਾਂ ਨਾਲੋਂ ਤੇ ਇੱਕ ਦੂਜੇ ਨਾਲੋਂ ਵੱਖੋ ਵੱਖਰੇ ਤੌਰ ’ਤੇ ਪੱਕੇ ਧਰਨੇ ਲਾਏ ਹੋਏ ਹਨ, ਪਰ ਲਾਂਭੇ ਹੋਣ ਕਾਰਨ ਇਨ੍ਹਾਂ ਨਾਲ ਆਵਾਜਾਈ ’ਤੇ ਕੋਈ ਅਸਰ ਨਹੀਂ ਪੈ ਰਿਹਾ। ਇਸੇ ਤਰਾਂ ਪਟਿਆਲਾ ਜ਼ਿਲ੍ਹੇ ਵਿਚ ਸਥਿਤ ਚਾਰੇ ਟੌਲ ਪਲਾਜ਼ਿਆਂ ’ਤੇ ਵੀ ਕਿਸਾਨਾਂ ਨੇ ਕਬਜ਼ਾ ਜਮਾਇਆ ਹੋਇਆ ਹੈ। ਨੈਸ਼ਨਲ ਹਾਈਵੇ ’ਤੇ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਧਰੇੜੀ ਜੱਟਾਂ ਵਿਖੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਅਤੇ ਹੋਰ ਕਿਸਾਨ ਜਥੇਬੰਦੀਆਂ ਦਾ ਚਾਰ ਦਿਨਾਂ ਤੋਂ ਪੱਕਾ ਹੀ ਧਰਨਾ ਜਾਰੀ ਹੈ। ਅਸਰਪੁਰ ਚੁਪਕੀ, ਰੱਖੜਾ ਅਤੇ ਚਹਿਲ ਵਿਚਲੇ ਟੌਲ ਪਲਾਜ਼ਾ ਵੀ ਕਿਸਾਨਾਂ ਦੇ ਕਬਜ਼ੇ ਹੇਠਾਂ ਹੋਣ ਕਰਕੇ ਇਥੇ ਵੀ ਵਾਹਨਾਂ ਦੀ ਪਰਚੀ ਨਹੀਂ ਕੱਟੀ ਜਾ ਰਹੀ। ਜ਼ਿਲ੍ਹੇ ਵਿੱਚ ਰਿਲਾਇੰਸ ਦੇ ਕੁਝ ਪੈਟਰੋਲ ਪੰਪ ਵੀ ਕਿਸਾਨਾਂ ਨੇ ਬੰਦ ਕੀਤੇ ਹੋਏ ਹਨ।
ਸ਼ੰਭੂ ਸਟੇਸ਼ਨ ਨੇੜੇ ਰੇਲ ਲਾਈਨ ’ਤੇ ਰੇਲ ਰੋਕੋ ਧਰਨਾ ਜਾਰੀ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਨਵੇਂ ਖੇਤੀ ਕਾਨੁੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਸ਼ੰਭੂ-ਘਨੌਰ ਰੋਡ ਵਾਲੇ ਫਲਾਈਓਵਰ ਦੇ ਹੇਠਾਂ ਕਿਸਾਨ ਆਗੂਆਂ ਸਤਨਾਮ ਸਿੰਘ ਬਹਿਰੂ, ਗੁਰਬਖਸ਼ ਸਿੰਘ ਬਲਬੇੜਾ, ਸੇਵਾ ਸਿੰਘ ਪਨੌਦੀਆਂ ਅਤੇ ਗੁਲਜਾਰ ਸਿੰਘ ਸਲੇਮਪੁਰ ਜੱਟਾਂ ਸਮੇਤ ਹੋਰਨਾਂ ਆਗੂਆਂ ਦੀ ਸਾਂਝੀ ਅਗਵਾਈ ਵਿੱਚ ਰੋਸ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਕਿਸਾਨਾਂ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਰਿਆਣਾ ਦੇ ਸਿਰਸਾ ਵਿੱਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਕਾਰਕੂੰਨਾਂ ’ਤੇ ਹਰਿਆਣਾ ਪੁਲੀਸ ਦੁਆਰਾ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।