ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਕਤੂਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਇਥੇ ਨੈਸ਼ਨਲ ਹਾਈਵੇਅ ’ਤੇ ਧਰੇੜੀ ਜੱਟਾਂ ਵਿਚ ਟੌਲ ਪਲਾਜ਼ੇ ’ਤੇ ਅੱਜ ਗਿਆਰਵੇਂ ਦਿਨ ਵੀ ਕਿਸਾਨ ਜਥੇਬੰਦੀਆਂ ਦਾ ਕਬਜ਼ਾ ਰਿਹਾ। ਅੱਜ ਵੀ ਕਿਸਾਨਾਂ ਨੇ ਇਥੇ ਕਿਸੇ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ।
ਕਿਸਾਨਾਂ ਦੀ ਇਕੱਤਰਤਾ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿਘ ਬਲਬੇੜਾ, ਬਲਾਕ ਪ੍ਰਧਾਨ ਗਿਆਨ ਸਿੰਘ ਰਾਏਪੁਰ ਸਮੇਤ ਗੁਰਨਾਮ ਸਿੰਘ ਢੈਠਲ, ਮਨਿੰਦਰ ਸਿੰਘ ਤਰਖਾਣਮਾਜਰਾ,ਅਜੈਬ ਸਿੰਘ ਲੌਟ, ਭੁਪਿੰਦਰ ਸਿੰਘ ਢੈਠਲ, ਪੰਜਾਬ ਨੌਜਵਾਨ ਸਭਾ ਦੇ ਆਗੂ ਸਤਵੀਰ ਸਿੰਘ, ਅਧਿਆਪਕ ਆਗੂ ਹਰਦੀਪ ਸਿੰਘ ਟੋਡਰਪੁਰ ਤੇ ਹਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਇਸੇ ਹੀ ਕੜੀ ਵਜੋਂ ਕਿਸਾਨ ਜਥੇਬੰਦੀਆਂ ਨੇ ਕਲਿਆਣ, ਅਸਰਪੁਰ ਚੁਪਕੀ ਅਤੇ ਚਹਿਲ ਸਥਿਤ ਟੌਲ ਪਲਾਜ਼ਿਆਂ ’ਤੇ ਵੀ ਧਰਨੇ ਮਾਰ ਕੇ ਪਰਚੀ ਸਿਸਟਮ ਬੰਦ ਕੀਤਾ ਹੋਇਆ ਹੈ। ਉਧਰ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਬਲਾਨ ਵਿਖੇ ਰੇਲਵੇ ਟਰੈਕ ’ਤੇ ਪੱਕਾ ਧਰਨਾ ਲਾਇਆ ਹੋਇਆ ਹੈ। ਰਘਬੀਰ ਸਿੰਘ ਨਿਆਲ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਪੈਟਰੋਲ ਪੰਪਾਂ ’ਤੇ ਵੀ ਧਰਨੇ ਮਾਰੇ ਹੋਏ ਹਨ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਿਨਾਮ ਸੰਘ ਬਹਿਰੂ, ਕੌਮੀ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਨੌਜਵਾਨ ਕਿਸਾਨ ਆਗੂ ਜਸਦੇਵ ਸਿੰਘ ਨੂਗੀ (ਜਰੀਕਪੁਰ) ਦਾ ਕਹਿਣਾ ਸੀ ਕਿ ਲੋਕ ਰੋਹ ਕੇਂਦਰ ਸਰਕਾਰ ਨੂੰ ਝੁਕਾ ਕੇ ਹੀ ਦਮ ਲਵੇਗਾ।
ਸ਼ੰਭੂ ਬੈਰੀਅਰ ’ਤੇ ਗਾਇਕ ਦੀਪ ਸਿੱਧੂ ਦੀ ਅਗਵਾਈ ’ਚ ਮੋਰਚਾ ਜਾਰੀ
ਰਾਜਪੁਰਾ (ਪੱਤਰ ਪ੍ਰੇਰਕ): ਨਵੇਂ ਤਿੰਨ ਖੇਤੀ ਕਾਨੁੂੰਨਾਂ ਅਤੇ ਬਿਜਲੀ ਸੋਧ ਐਕਟ 2020 ਖਿਲਾਫ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸੈਂਕੜੇ ਕਾਰਕੁਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਪੰਜਾਬ ਦੇ ਪਰਵੇਸ਼ ਦੁਆਰ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਰੋਕੋ ਧਰਨਾ ਗਿਆਰਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸਮਰਥਨ ਦੇਣ ਲਈ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਖਵਿੰਦਰ ਸੁੱਖੀ, ਆਤਮਾ ਸਿੰਘ ਬੁੱਢੇਵਾਲੀਆ, ਅਕਾਲੀ ਆਗੂ ਲਾਲ ਸਿੰਘ ਮਰਦਾਂਪੁਰ ਸ਼ਾਮਲ ਹੋਏ। ਧਰਨੇ ਵਿੱਚ ਸ਼ਾਮਲ ਕਿਸਾਨਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਨਵੇਂ ਖੇਤੀ ਕਾਨੂੰਨ ਤੇ ਬਿਜਲੀ ਸੋਧ ਐਕਟ-2020 ਨੂੰ ਰੱਦ ਕਰਨ ਦੀ ਮੰਗ ਕੀਤੀ।ਧਰਨੇ ਦੀ ਅਗਵਾਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਲਜ਼ਾਰ ਸਿੰਘ ਸਲੇਮਪੁਰ ਜੱਟਾਂ, ਗੁਰਬਖਸ਼ ਸਿੰਘ ਬਲਬੇੜਾ, ਸਤਨਾਮ ਸਿੰਘ ਬਹਿਰੂ ਆਦਿ ਨੇ ਕੀਤੀ। ਧਰਨੇ ਦੇ ਸਮਰਥਨ ਲਈ ਕਨਰਲ ਐੱਮਐੱਸ ਬਾਜਵਾ ਦੀ ਅਗਵਾਈ ’ਚ ਸਾਬਕਾ ਫੌਜੀ ਵੀ ਪੁੱਜੇ। ਉਨ੍ਹਾਂ ਆਖਿਆ ਕਿ ਹੁਣੇ ਜਿਹੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।