ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਜੁਲਾਈ
ਪਿੰਡ ਬੂਰੜ ਤੇ ਲਾਲਵਾ ਦੇ ਖੇਤਾਂ ਦੀ ਬਿਜਲੀ ਸਪਲਾਈ ਲਾਈਨ ਠੀਕ ਕਰਨ ਆਏ ਪਾਵਰਕੌਮ ਅਧਿਕਾਰੀ ਜਦੋਂ ਪਿੰਡ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪਾਵਰਕੌਮ ਪਾਤੜਾਂ ਸ਼ਹਿਰੀ ਦੇ ਐਸਡੀਓ ਦਰਸ਼ਨ ਸਿੰਘ ਅਤੇ ਜੂਨੀਅਰ ਇੰਜਨੀਅਰ ਰੂਪ ਸਿੰਘ ਨੂੰ ਘੇਰ ਲਿਆ। ਜ਼ਿਕਰਯੋਗ ਹੈ ਕਿ ਤਕਨੀਕੀ ਨੁਕਸ ਕਾਰਨ ਪਿਛਲੇ ਦੋ ਦਿਨਾਂ ਤੋਂ ਖੇਤੀਬਾੜੀ ਲਈ ਮਿਲਦੀ ਬਿਜਲੀ ਸਪਲਾਈ ਠੱਪ ਸੀ। ਇਕੱਠੇ ਹੋਏ ਕਿਸਾਨਾਂ ਨੇ ਪਾਵਰਕੌਮ ਕਰਮਚਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ। ਐਕਸੀਅਨ ਪਾਵਰਕੌਮ ਪਾਤੜਾਂ ਤੇ ਐੱਸਡੀਓ ਪਾਤੜਾਂ ਦਿਹਾਤੀ ਨੇ ਮੌਕੇ ਉੱਤੇ ਪਹੁੰਚ ਕੇ ਅਧਿਕਾਰੀਆਂ ਨੂੰ ਛੁਡਵਾਇਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਅਵਤਾਰ ਸਿੰਘ, ਭੁਪਿੰਦਰ ਸਿੰਘ, ਰਾਜਬੀਰ ਸਿੰਘ ਤੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੁਰੜ ਅਤੇ ਲਾਲਵਾ ਪਿੰਡਾਂ ਦੇ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਵਾਲੀ ਲਾਈਨ ਦੋ ਦਿਨਾਂ ਤੋਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਦੁਖੀ ਕਿਸਾਨਾਂ ਨੇ ਬਿਜਲੀ ਸਪਲਾਈ ਬਹਾਲ ਕਰਨ ਆਏ ਐੱਸਡੀਓ ਸਿਟੀ ਪਾਤੜਾਂ ਦਰਸ਼ਨ ਸਿੰਘ ਅਤੇ ਜੇਈ ਰੂਪ ਸਿੰਘ ਨੂੰ ਕੰਮ ਕਰਨ ਤੋਂ ਰੋਕ ਕੇ ਬੰਦੀ ਬਣਾ ਲਿਆ। ਉਨ੍ਹਾਂ ਦੱਸਿਆ ਕਿ ਸ਼ਹਿਰੀ ਤੇ ਦਿਹਾਤੀ ਸਬ-ਡਿਵੀਜ਼ਨਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਤੋਂ ਖਫਾ ਕਿਸਾਨਾਂ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ। ਐਕਸੀਅਨ (ਪਾਵਰਕੌਮ ਪਾਤੜਾਂ) ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਬੂਰੜ ਦੇ ਕਿਸਾਨਾਂ ਦੀਆਂ ਕੁਝ ਮੋਟਰਾਂ ਸ਼ਹਿਰੀ ਪਾਤੜਾਂ ਤੇ ਕੁਝ ਪਾਤੜਾਂ ਦਿਹਾਤੀ ਫੀਡਰਾਂ ਤੋਂ ਚੱਲਦੀਆਂ ਹਨ। ਖਰਾਬੀ ਪੈਣ ਦੀ ਸਥਿਤੀ ਵਿੱਚ ਸੀਜ਼ਨ ਦੇ ਦਿਨਾਂ ਦੌਰਾਨ ਤਾਲਮੇਲ ਦੀ ਘਾਟ ਕਾਰਨ ਸਮੱਸਿਆ ਹੱਲ ਕਰਨ ’ਚ ਸਮਾਂ ਲੱਗ ਗਿਆ।