ਸੰਗਰੂਰ ’ਚ 11.2 ਐਮ.ਐਮ ਬਾਰਸ਼, ਮੀਂਹ ਕਾਰਨ ਝੋਨੇ ਦੀ ਕਟਾਈ 3 ਤੋਂ 5 ਦਿਨ ਪਛੜਨ ਦੀ ਸੰਭਾਵਨਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਅੱਜ ਤੜਕੇ ਹੋਈ ਤੇਜ਼ ਬਾਰਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਰਸ਼ ਨੇ ਖੇਤਾਂ ਤੋਂ ਲੈ ਕੇ ਅਨਾਜ ਮੰਡੀਆਂ ਤੱਕ ਝੋਨੇ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ। ਤੇਜ਼ ਬਾਰਸ਼ ਕਾਰਨ ਜਿਥੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਕਟਾਈ ਦੇ ਕੰਮ ਨੂੰ ਬਰੇਕਾਂ ਲੱਗ ਗਈਆਂ ਹਨ ਉਥੇ ਅਨਾਜ ਮੰਡੀਆਂ ’ਚ ਖਰੀਦ ਪ੍ਰਬੰਧਾਂ ’ਚ ਵੀ ਬਾਰਸ਼ ਅੜਿੱਕਾ ਬਣੀ ਹੈ। ਜ਼ਿਲ੍ਹੇ ਦੇ ਖਰੀਦ ਕੇਂਦਰਾਂ ’ਤੇ ਖਰੀਦ ਹੋਈ ਚੁਕਾਈ ਖੁਣੋਂ ਪਈ ਝੋਨੇ ਦੀ ਫਸਲ ਬਾਰਸ਼ ਦੀ ਮਾਰ ਹੇਠ ਆ ਗਈ ਹੈ ਜਦੋਂ ਕਿ ਕਿਸਾਨਾਂ ਨੂੰ ਅਨਾਜ ਮੰਡੀਆਂ ’ਚ ਆਪਣੀ ਫਸਲ ਨੂੰ ਕੁਦਰਤੀ ਮਾਰ ਤੋਂ ਬਚਾਉਣ ਲਈ ਜਦੋ-ਜਹਿਦ ਕਰਨੀ ਪੈ ਰਹੀ ਹੈ।
ਅੱਜ ਤੜਕੇ ਹੋਈ ਤੇਜ਼ ਬਾਰਸ਼ ਨੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਕਟਾਈ ’ਚ ਰੁੱਝੇ ਅਤੇ ਅਨਾਜ ਮੰਡੀਆਂ ’ਚ ਵਿਕਰੀ ਲਈ ਫਸਲ ਲੈ ਕੇ ਬੈਠੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਅੱਜ ਤੱਕ 113256 ਟਨ ਝੋਨੇ ਦੀ ਫਸਲ ਚੁਕਾਈ ਖੁਣੋਂ ਪਈ ਹੈ। ਅਨਾਜ ਮੰਡੀਆਂ ’ਚ ਬਾਰਸ਼ ਦੇ ਪਾਣੀ ਨਾਲ ਬੋਰੀਆਂ ’ਚ ਫਸਲ ਭਿੱਜ ਗਈ ਹੈ। ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 305169 ਟਨ ਝੋਨੇ ਦੀ ਫਸਲ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 277665 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਖਰੀਦ ਹੋਈ ਝੋਨੇ ਦੀ ਫਸਲ ਵਿਚੋਂ ਹੁਣ ਤੱਕ 164409 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਜਦੋਂ ਕਿ 113256 ਟਨ ਝੋਨੇ ਦੀ ਫਸਲ ਅਜੇ ਵੀ ਬੋਰੀਆਂ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਬਾਰਸ਼ ਨਾਲ ਮੰਡੀਆਂ ’ਚ ਖਰੀਦ ਹੋਈ ਝੋਨੇ ਦੀ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਪ੍ਰਬੰਧ ਕੀਤੇ ਹੋਏ ਹਨ। ਅਣ-ਲਿਫਟਿੰਗ ਪਈ ਝੋਨੇੇ ਦੀ ਫਸਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਅੱਜ ਸਵੇਰ 9 ਵਜ਼ੇ ਤੱਕ ਸੰਗਰੂਰ ’ਚ 11.2 ਐਮ.ਐਮ ਬਾਰਸ਼ ਰਿਕਾਰਡ ਕੀਤੀ ਗਈ ਹੈ ਜਦੋਂ ਕਿ ਜ਼ਿਲ੍ਹੇ ਵਿਚ ਔਸਤਨ 7.4 ਐਮ.ਐਮ ਬਾਰਸ਼ ਹੋਈ ਹੈ। ਤੇਜ਼ ਬਾਰਸ਼ ਜਾਂ ਗੜੇਮਾਰੀ ਨਾਲ ਕੋਈ ਨੁਕਸਾਨ ਦੀ ਖਬਰ ਨਹੀਂ ਹੈ ਪਰੰਤੂ 3 ਤੋਂ 5 ਦਿਨ ਤੱਕ ਝੋਨੇ ਦੀ ਕਟਾਈ ਪਛੜਨ ਦੀ ਸੰਭਾਵਨਾ ਹੈ।
ਸੰਗਰੂਰ ’ਚ ਹੋਈ ਤੇਜ਼ ਬਾਰਸ਼ ਕਾਰਨ ਅਨਾਜ਼ ਮੰਡੀ ’ਚ ਖੜ੍ਹਾ ਪਾਣੀ ਅਤੇ ਪਾਣੀ ਦੀ ਮਾਰ ਹੇਠ ਆਈ ਝੋਨੇ ਦੀ ਫਸਲ।
ਫੋਟੋ: ਲਾਲੀ।