ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 2 ਨਵੰਬਰ
ਇੱਥੋਂ ਦੀ ਮਿਰਚ ਮੰਡੀ ਕਲੋਨੀ ਵਿੱਚ ਇਕ ਪੁੱਤਰ ਨੇ ਆਪਣੀ ਮਾਂ ਅਤੇ ਮਾਮੇ ਨਾਲ ਮਿਲ ਕੇ ਆਪਣੇ ਪਿਤਾ ਅਤੇ ਚਾਚੇ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਖੇ ਰੈਫ਼ਰ ਕਰ ਦਿੱਤਾ ਹੈ। ਪੀੜਤ ਭੁਲਾ ਸਿੰਘ ਪੁੱਤਰ ਗੁਰਮੁਖ ਸਿੰਘ ਨੇ ਦੱਸਿਆ ਕਿ 31 ਅਕਤੂਬਰ ਦ ਰਾਤ ਲਗਪਗ 9 ਵਜੇ ਦੇ ਕਰੀਬ ਉਸ ਦਾ ਪੁੱਤਰ ਕਰਨਵੀਰ ਸਿੰਘ ਆਪਣੇ ਚਾਚੇ ਹਰਮੇਸ਼ ਸਿੰਘ ਨਾਲ ਕੁੱਟਮਾਰ ਕਰ ਰਿਹਾ ਸੀ ਜਦੋਂ ਉਸ ਨੇ (ਭੁਲਾ ਸਿੰਘ ਨੇ) ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰਨਵੀਰ ਦੀ ਮਾਂ ਤੇ ਉਸ ਦੀ ਪਤਨੀ ਭੁਪਿੰਦਰ ਕੌਰ ਵੀ ਕੁੱਟਮਾਰ ਕਰਨ ਲੱਗੀ। ਇਸ ਮਗਰੋਂ ਕਰਨਵੀਰ ਨੇ ਆਪਣੇ ਮਾਮੇ ਰਾਮ ਗੋਪਾਲ ਨੂੰ ਫ਼ੋਨ ਕਰਿਆ ਤਾਂ ਕੁੱਝ ਸਮੇਂ ਬਾਅਦ ਰਾਮ ਗੋਪਾਲ ਆਪਣੇ ਨਾਲ 6-7 ਅਣਪਛਾਤੇ ਬੰਦੇ ਲੈ ਕੇ ਉਨ੍ਹਾਂ ਦੇ ਘਰ ਆਇਆ ਤੇ ਆਉਂਦਿਆਂ ਹੀ ਉਸ ਦੀ ਅਤੇ ਉਸ ਦੇ ਭਰਾ ਹਰਮੇਸ਼ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਐਮਐਲਆਰ ਕੱਟਣ ਦੇ ਬਾਵਜੂਦ ਅਜੇ ਤੱਕ ਪੁਲੀਸ ਨੇ ਕੋਈ ਕਾਰਵਾਈ ਕੀਤੀ। ਹੁਣ ਪੀੜਤ ਨੇ ਡੀਐੱਸਪੀ ਰਾਜਪੁਰਾ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਇਸ ਸਬੰਧੀ ਜਾਂਚ ਅਫ਼ਸਰ ਮਹਿੰਦਰਪਾਲ ਸ਼ਰਮਾ ਨੇ ਕਿਹਾ ਕਿ ਛੇਤੀ ਸਬੰਧਤ ਧਿਰ ਦੇ ਬਿਆਨ ਦਰਜ ਕਰਨਗੇ।