ਬਹਾਦਰ ਸਿੰਘ ਮਰਦਾਂਪੁਰ
ਘਨੌਰ, 23 ਜੂਨ
ਬਰਸਾਤ ਦਾ ਮੌਸਮ ਸਿਰ ’ਤੇ ਹੋਣ ਦੇ ਬਾਵਜੂਦ ਡਰੇਨੇਜ ਵਿਭਾਗ ਨੂੰ ਹਲਕਾ ਘਨੌਰ ’ਚ ਹੜ੍ਹ ਰੋਕੂ ਪ੍ਰਬੰਧਾਂ ਲਈ ਦਰਪੇਸ਼ ਫੰਡਾਂ ਦੀ ਘਾਟ ਕਾਰਨ ਹੜ੍ਹ ਰੋਕੂ ਪ੍ਰਬੰਧ ਨਾ ਹੋਣ ’ਤੇ ਇਸ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ, ਪੰਝੀਦਰਾ ਗੰਦਾ ਨਾਲਾ, ਭਾਗਨਾ, ਝਾੜਵਾਂ ਅਤੇ ਮੀਰਾਪੁਰ ਡਰੇਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਇਸ ਖੇਤਰ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਡਰੇਨੇਜ ਵਿਭਾਗ ਵੱਲੋਂ ਲੰਘੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹੜ੍ਹ ਰੋਕੂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਥਿਤੀ ਕੁੱਝ ਹੋਰ ਹੈ। ਝਾੜਵਾਂ ਡਰੇਨ ਸਮੇਤ ਹੋਰਨਾਂ ਇੱਕਾ-ਦੁੱਕਾ ਥਾਵਾਂ ਤੋਂ ਛੱਡ ਕੇ ਹੋਰ ਕਿਧਰੇ ਵੀ ਹੜ੍ਹ ਰੋਕੂ ਪ੍ਰਬੰਧ ਨਜ਼ਰ ਨਹੀਂ ਆ ਰਹੇ। ਖੇਤਰ ਵਿੱਚ ਹੜ੍ਹਾਂ ਦੇ ਮੁੱਖ ਕਾਰਨ ਬਣਦੇ ਘੱਗਰ ਦਰਿਆ ਤੇ ਪੰਝੀਦਰਾ ਵਾਲੇ ਗੰਦਾ ਨਾਲਾ ਦੇ ਭਾਖੜਾ ਦੀ ਨਰਵਾਣਾ ਬ੍ਰਾਂਚ ਵਾਲੇ ਸਾਈਫਨਾਂ ਦੀ ਅਜੇ ਤੱਕ ਸਫਾਈ ਨਹੀਂ ਹੋ ਸਕੀ। ਘੱਗਰ ਕਿਨਾਰੇ ਵਸੇ ਪਿੰਡ ਨਨਹੇੜੀ, ਊਂਟਸਰ ਸਮੇਤ ਹੋਰਨਾਂ ਪਿੰਡਾਂ ਨੂੰ ਘੱਗਰ ਦੀ ਮਾਰ ਤੋਂ ਬਚਾਉਣ ਲਈ ਲਗਾਏ ਪੱਥਰ ਦੇ ਸਟੱਡ ਮੁਰੰਮਤ ਖੁਣੋਂ ਢਹਿ ਢੇਰੀ ਹੋ ਰਹੇ ਹਨ। ਇਸ ਤੋਂ ਇਲਾਵਾ ਘੱਗਰ ਦਰਿਆ ਵਾਲੇ ਸੰਭਾਵੀ ਪਾੜਾਂ ਦੀ ਰੋਕਥਾਮ ਲਈ ਨਹਿਰ ਦੀ ਪਟੜੀ ’ਤੇ ਭਰ ਕੇ ਰੱਖੇ ਜਾਂਦੇ ਮਿੱਟੀ ਦੇ ਥੈਲੇ ਵੀ ਕਿਧਰੇ ਅਜੇ ਤੱਕ ਨਹੀਂ ਦਿਸ ਰਹੇ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਘਨੌਰ ਖੇਤਰ ਵਿੱਚ ਤੁਰੰਤ ਹੜ੍ਹ ਰੋਕੂ ਪ੍ਰਬੰਧ ਕੀਤੇ ਜਾਣ। ਉਧਰ ਡਰੇਨੇਜ ਵਿਭਾਗ ਦੇ ਐਕਸੀਅਨ ਰਮਨ ਬੈਂਸ ਨੇ ਕਿਹਾ ਕਿ ਘੱਗਰ ਦਰਿਆ ਦੇ ਨਹਿਰੀ ਸਾਈਫਨਾਂ ਦੀ ਸਫਾਈ ਕਰਕੇ ਬੰਨ੍ਹਾਂ ਦੀ ਮਜ਼ਬੂਤੀ ਲਈ ਸਰਕਾਰ ਤੋਂ 50 ਲੱਖ ਰੁਪਏ ਫੰਡ ਮੰਗਿਆ ਗਿਆ ਹੈ। ਜੋ ਅਜੇ ਨਹੀਂ ਮਿਲਿਆ। ਫੰਡ ਮਿਲਣ ’ਤੇ ਹੜ੍ਹ ਰੋਕੂ ਪ੍ਰਬੰਧ ਕੀਤੇ ਜਾਣਗੇ।