ਰਵੇਲ ਸਿੰਘ ਭਿੰਡਰ
ਪਟਿਆਲਾ, 12 ਸਤੰਬਰ
ਕਰੋਨਾਵਾਇਰਸ ਲੌਕਡਾਊਨ ਕਾਰਨ ਸ਼ਾਹੀ ਸ਼ਹਿਰ ’ਚ ਵਪਾਰੀਆਂ ਨੂੰ ਵੱਡਾ ਵਿੱਤੀ ਧੱਕਾ ਲੱਗਿਆ ਹੈ। ਇਕੱਤਰ ਵੇਰਵਿਆਂ ਮੁਤਾਬਿਕ 70 ਫੀਸਦੀ ਦੁਕਾਨਦਾਰਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਕਈ ਦੁਕਾਨਦਾਰਾਂ ਨੂੰ ਘਰੇਲੂ ਜ਼ਿੰਦਗੀ ਤੋਰਨ ਲਈ ਨਵੇਂ ਕੰਮ ਵੀ ਨਹੀ ਸੁਝ ਰਹੇ ਕਿਉਂਕਿ ਕੋਵਿਡ-19 ਦੇ ਮਾਹੌਲ ਨੇ ਸਮੁੱਚੇ ਕਾਰੋਬਾਰ ਨੂੰ ਆਪਣੇ ਕਲਾਵੇ ’ਚ ਜਕੜਿਆ ਹੋਇਆ ਹੈ।
ਪੀੜਤ ਵਪਾਰੀਆਂ ਦਾ ਕਹਿਣਾ ਹੈ ਕਿ ਅਸਲ ’ਚ 2016 ’ਚ ਦੇਸ਼ ’ਚ ਹੋਈ ਨੋਟਬੰਦੀ ਮਗਰੋਂ ਵਪਾਰੀ ਮਸਾਂ ਪੈਰ ਸਿਰ ਹੋਣ ਲੱਗੇ ਸਨ ਕਿ ਦੋ ਸਾਲ ਬਾਅਦ ਜੀ.ਐੱਸ.ਟੀ.ਪ੍ਰਣਾਲੀ ਨੇ ਵਪਾਰੀਆਂ ਦਾ ਵਿੱਤੀ ਤਵਾਜ਼ਨ ਹਿਲਾ ਕੇ ਰੱਖ ਦਿੱਤਾ। ਹੁਣ ਕਰੋਨਾ ਮਹਾਮਾਰੀ ਦੇ ਲੌਕਡਾਊਨ ਦੇ ਮਾਹੌਲ ਨੇ ਤਾਂ ਵਪਾਰ ਨੂੰ ਇੱਕ ਤਰ੍ਹਾਂ ਠੱਪ ਕਰ ਦਿੱਤਾ ਹੈ। ਅਜਿਹਾ ਉਪਜੇ ਮਾਹੌਲ ਤੋਂ ਵਪਾਰੀਆਂ ਨੂੰ ਬਦਲਵੇਂ ਵਪਾਰ ਸਬੰਧੀ ਵੀ ਕੁਝ ਸੁਝ ਨਹੀ ਰਿਹਾ। ਮਾਲਕ ਦੁਕਾਨਦਾਰਾਂ ਦੇ ਸਹਾਇਕ ਕਾਮਿਆਂ ਨੂੰ ਇਸ ਵਕਤ ਨੇ ਤਾਂ ਜੀਵਨ ਦੇ ਕੰਢੇ ’ਤੇ ਲਿਆ ਖੜਾ ਕਰ ਦਿੱਤਾ ਹੈ।
ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਨੇ ਵਪਾਰ ਨੂੰ ਮੂਧੇ ਮੂੰਹ ਡੇਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੋਟਬੰਦੀ ਤੇ ਜੀ.ਐਸ.ਟੀ. ਦੇ ਵਿੱਤੀ ਝਟਕਿਆਂ ਤੋਂ ਭਾਵੇਂ ਵਪਾਰ ਕਾਫ਼ੀ ਸਾਲਾਂਬੱਧੀ ਤੋਂ ਹੀ ਪ੍ਰਭਾਵਿਤ ਹੋ ਰਿਹਾ ਸੀ, ਪ੍ਰੰਤੂ ਕਰੋਨਾ ਦੇ ਲੰਮੇ ਚਿਰ ਰਹੇ ਲੌਕਡਾਊਨ ਤੇ ਕਰਫਿਊ ਦੇ ਮਾਹੌਲ ਨੇ ਤਾਂ ਵਪਾਰ ਨੂੰ ਇੱਕ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਉਨ੍ਹਾਂ ਵਪਾਰ ਨੂੰ ਪੈਰਾਂ ਸਿਰ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਵਿੱਤੀ ਪਲਾਨ ਲਿਆਉਣ ਦੀ ਮੰਗ ਕਰਦਿਆਂ ਆਖਿਆ ਕਿ ਜ਼ੀਰੋ ਲਾਈਨ ’ਤੇ ਅੱਪੜਿਆ ਵਪਾਰ ਸਰਕਾਰਾਂ ਦੀ ਮੱਦਦ ਬਗੈਰ ਲੀਹ ’ਤੇ ਨਹੀ ਪੈ ਸਕੇਗਾ।