ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਨਵੰਬਰ
ਦੀਵਾਲੀ ਮੌਕੇ ਉਂਜ ਬਾਜ਼ਾਰ ਤਾਂ ਪਹਿਲਾਂ ਦੀ ਤਰ੍ਹਾਂ ਹੀ ਸਜੇ-ਧਜੇ ਰਹੇ ਅਤੇ ਬਾਜ਼ਾਰਾਂ ’ਚ ਭੀੜ ਭੜੱਕਾ ਵੀ ਪੂਰਾ ਰਿਹਾ। ਇਹ ਵੱਖਰੀ ਗੱਲ ਹੈ ਕਿ ਮਹਿੰਗਾਈ ਦੇ ਚੱਲਦਿਆਂ, ਲੋਕਾਂ ਨੇ ਆਮ ਦੇ ਮੁਕਾਬਲੇ ਖਰੀਦੋ-ਫਰੋਖਤ ਐਤਕੀਂ ਘੱਟ ਕੀਤੀ। ਉਧਰ ਪਟਾਕੇ ਅਤੇ ਆਤਿਸ਼ਬਾਜੀ ਦਾ ਦੌਰ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਿਹਾ। ਇਥੋਂ ਤੱਕ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਲੋਕਾਂ ਨੇ ਨਜ਼ਰਅੰਦਾਜ਼ ਕੀਤਾ। ਸ਼ਹਿਰ ਵਾਸੀ ਤਕਰੀਬਨ ਰਾਤ ਭਰ ਪਟਾਕੇ ਅਤੇ ਅਤਿਸ਼ਬਾਜੀ ਚਲਾਉਂਦੇ ਰਹੇ, ਜਿਸ ਕਾਰਨ ਹਵਾ ਪ੍ਰਦੂਸ਼ਨ ਵੀ ਪਹਿਲਾਂ ਦੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਕਾਰਨ ਅੱਜ ਦੂਜੇ ਦਿਨ ਤੱਕ ਵੀ ਲੋਕਾਂ ਲਈ ਸਾਹ ਲੈਣ ’ਚ ਮੁਸ਼ਕਲਾਂ ਬਣੀਆਂ ਰਹੀਆਂ। ਆਪਣੇ ਸੁਭਾਅ ਦੇ ਮੁਤਾਬਕ ਪੰਜਾਬੀ ਆਪਣੇ ਰਵਾਇਤੀ ਤਿੱਥਾਂ ਤਿਉਹਾਰਾਂ ਤੋਂ ਮੂੰਹ ਨਹੀਂ ਮੋੜਦੇ, ਜਿਸ ਦੇ ਚੱਲਦਿਆਂ ਦੀਵਾਲੀ ਦਾ ਤਿਉਹਾਰ ਵੀ ਲੋਕਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਮਨਾਇਆ। ਖਾਸ ਕਰਕੇ ਅਮੀਰ ਘਰਾਂ ਨੇ ਤਾਂ ਪਟਾਕੇ ਅਤੇ ਆਤਿਸ਼ਬਾਜੀ ਆਦਿ ਚਲਾਉਣ ਦੀ ਹਰ ਵਾਰ ਦੀ ਤਰ੍ਹਾਂ ਹੀ ਐਤਕੀਂ ਵੀ ਰੀਝ ਪੂਰੀ ਕੀਤੀ। ਸ਼ਹਿਰ ਵਿਚ ਹਰ ਪਾਸਿਓਂ ਪਟਾਕਿਆਂ ਦੀ ਕੰਨ ਚੀਰਵੀਂ ਆਵਾਜ਼ ਆਉਂਦੀ ਰਹੀ। ਪਟਾਕਿਆਂ ਨੇ ਲੰਘੀ ਰਾਤ ਕਈ ਘੰਟਿਆਂ ਤੱਕ ਅਸਮਾਨ ਧੂੰਆਂ ਧਾਰ ਕਰੀਂ ਰੱਖਿਆ। ਕੁਝ ਸਮਾਂ ਤਾਂ ਪਟਾਕਿਆਂ ਦਾ ਇਹ ਧੂੰਆਂ ਸੰਘਣੇ ਬੱਦਲ਼ਾਂ ਦਾ ਭੁਲੇਖਾ ਵੀ ਪਾਉਂਦਾ ਰਿਹਾ।
ਪ੍ਰਸ਼ਾਸਨ ਵੱਲੋਂ ਭਾਵੇਂ ਕਿ ਰਾਤ ਦਸ ਵਜੇ ਤੋਂ ਬਾਅਦ ਪਟਾਕੇ ਨਾ ਚਲਾਏ ਜਾਣ ਦੀ ਮਨਾਹੀ ਕੀਤੀ ਗਈ ਸੀ ਪਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਸ਼ਹਿਰ ਵਾਸੀਆਂ ਨੇ ਰਾਤੀ ਦੋ ਵਜੇ ਤੱਕ ਧੂੰਆਂ ਉਠਾਅ ਕੇ ਰੱਖਿਆ। ਅਮੀਰ ਪਰਿਵਾਰਾਂ ਦੇ ਘਰਾਂ ਕੋਲ਼ ਵੱਸਦੇ ਗਰੀਬ ਅਤੇ ਦਰਮਿਆਨੇ ਪਰਿਵਾਰਾਂ ਲਈ ਇਹ ਸਮਾਂ ਮੁਸ਼ਕਲਾਂ ਭਰਿਆ ਵੀ ਕਿਹਾ ਸਕਦਾ ਹੈ ਕਿਉਂਕਿ ਰਵਾਇਤ ਮੁਤਾਬਕ ਪਟਾਕੇ ਤਾਂ ਬਹੁਤੇ ਪਰਿਵਾਰਾਂ ਨੇ ਚਲਾਏ ਅਤੇ ਘਰਾਂ ’ਤੇ ਦੀਪ ਮਾਲਾਵਾਂ ਵੀ ਕੀਤੀਆਂ ਪਰ ਦੇਰ ਰਾਤ ਤੱਕ ਪਟਾਕੇ ਚਲਾਉਣ ਵਾਲਿਆਂ ਤੋਂ ਕਈ ਗਰੀਬ ਅਤੇ ਦਰਮਿਆਨੇ ਪਰਿਵਾਰ ਅੰਦਰੋਂ ਅੰਦਰੀ ਔਖੇ ਵੀ ਰਹੇ।
ਉਧਰ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ਕਾਰਨ ਪਿੰਡਾਂ ’ਚ ਐਤਕੀਂ ਪਟਾਕੇ ਚਲਾਉਣ ਦਾ ਰੁਝਾਨ ਘੱਟ ਹੀ ਰਿਹਾ। ਇਥੋਂ ਤੱਕ ਕਿ ਪਿੰਡਾਂ ਤੋਂ ਸ਼ਹਿਰਾਂ ’ਚ ਆ ਕੇ ਵਸੇ ਬਹੁਤੇ ਪਰਿਵਾਰਾਂ ਨੇ ਵੀ ਪਟਾਕੇ ਚਲਾਉਣ ਤੋਂ ਗੁਰੇਜ ਹੀ ਕੀਤਾ ਪਰ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਵੀ ਵਧਿਆ। ਪਟਿਆਲਾ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਥੇ ਏਅਰ ਕੁਆਲਿਟੀ ਇੰਡੈਕਸ 334 ਸੀ। ਜਦਕਿ ਐਤਕੀਂ 300 ਦੇ ਕਰੀਬ ਰਿਹਾ, ਜਿਸ ਤੋਂ ਐਤਕੀ ਪਟਾਕੇ ਘੱਟ ਚਲਾਏ ਜਾਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਪਰ ਅਜਿਹੀ ਸੂਰਤ ’ਚ ਵੀ ਇਹ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਖਾਸ ਕਰਕੇ ਸਾਹ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਅਤੇ ਬੱਚਿਆਂ ਲਈ ਹਵਾ ਪ੍ਰਦੂਸ਼ਣ ਘਾਤਕ ਹੈ। ਛਾਤੀ ਰੋਗਾਂ ਦੇ ਮਾਹਰ ਡਾ. ਗੋਇਲ ਦਾ ਕਹਿਣਾ ਹੈ ਕਿ ਸਾਹ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਅਜੇ ਕੁਝ ਦਿਨ ਘਰਾਂ ਤੋਂ ਬਾਹਰ ਨਹੀਂ ਆਉਣਾ ਚਾਹੀਦਾ, ਜਦਕਿ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾ. ਹਰਸ਼ਿੰਦਰ ਕੌਰ ਨੇ ਦੀਵਾਲੀ ਵੇਲੇ ਚੱਲੇ ਪਟਾਕਿਆਂ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਛੋਟੇ ਬੱਚਿਆਂ ਨੂੰ ਬਚਾਅ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਤਰਪਾਲਾਂ ਦੀ ਫੈਕਟਰੀ ਨੂੰ ਅੱਗ ਲੱਗੀ
ਦੀਵਾਲੀ ਤੋਂ ਅਗਲ਼ੇ ਦਿਨ ਅੱਜ ਸ਼ੁੱਕਰਵਾਰ ਦੇਰ ਸ਼ਾਮੀ ਇਥੇ ਫੈਕਟਰੀ ਏਰੀਆ ਵਿੱਚ ਸਥਿਤ ਇੱਕ ਤਰਪਾਲਾਂ ਦੀ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਹੋਏ ਨੁਕਸਾਨ ਦਾ ਹੀ ਅਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਰਾਤੀ ਨੌ ਵਜੇ ਤੱਕ ਵੀ ਅੱਗ ’ਤੇ ਕਾਬੂ ਪਾਉਣ ਦੀਆਂ ਸਰਗਰਮੀਆਂ ਜਾਰੀ ਸਨ।