ਅਸ਼ਵਨੀ ਗਰਗ
ਸਮਾਣਾ, 2 ਨਵੰਬਰ
ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ 5 ਨਵੰਬਰ ਨੂੰ ਕੀਤੇ ਜਾ ਰਹੇ ਦੇਸ਼ ਪੱਧਰੀ ਚੱਕਾ ਜਾਮ ਨੂੰ ਸਫ਼ਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਮਾਣਾ ਇਲਾਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ।
ਆਗੂਆਂ ਸ਼ੇਰ ਸਿੰਘ ਕਾਕੜਾ, ਸਿਮਰਨਜੀਤ ਟੋਡਰਪੁਰ ਤੇ ਗੁਲਾਬ ਸਿੰਘ ਫਤਿਹਪੁਰ ਨੇ ਦੱਸਿਆ ਕਿ ਸਮਾਣਾ ਇਲਾਕੇ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਸਾਂਝੀ ਅਗਵਾਈ ਵਿੱਚ 5 ਨਵੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਚੱਕਾ ਜਾਮ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਸਮਾਣਾ ਇਲਾਕੇ ਦੇ ਪਿੰਡ ਟੋਡਰਪੁਰ, ਕਾਕੜਾ, ਦੁੱਲੜ, ਜਮਾਲਪੁਰ, ਧਨੇਠਾ, ਜੌੜਾਮਾਜਰਾ, ਮਰਦੈੜੀ, ਮਰੌੜੀ ਤੇ ਸਮਾਣਾ ਸ਼ਹਿਰ ਵਿੱਚ ਝੰਡਾ ਮਾਰਚ ਕਰ ਕੇ ਲੋਕਾਂ ਨੂੰ ਚੱਕਾ ਜਾਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਨੌਜਵਾਨ ਆਗੂ ਕੁਲਬੀਰ ਟੋਡਰਪੁਰ ਤੇ ਅਧਿਆਪਕ ਆਗੂ ਅਤਿੰਦਰ ਘੱਗਾ ਨੇ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਥਾਂ ਪੰਜਾਬ ਦੀ ਆਰਥਿਕ ਘੇਰਾਬੰਦੀ ਕਰ ਕੇ ਟਕਰਾਅ ਦੀ ਨੀਤੀ ’ਤੇ ਚੱਲ ਰਹੀ ਹੈ। ਇਸ ਟਕਰਾਅ ਦੀ ਨੀਤੀ ’ਤੇ ਚੱਲਦਿਆਂ ਮੋਦੀ ਸਰਕਾਰ ਵੱਲੋਂ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕਿਆ ਗਿਆ ਹੈ ਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਦੇ ਬਾਵਜੂਦ ਮਾਲ ਗੱਡੀਆਂ ਰੋਕੀਆਂ ਹੋਈਆਂ ਹਨ। ਆਗੂਆਂ ਨੇ ਆਖਿਆ ਕਿ ਕੇਂਦਰੀ ਹਕੂਮਤ ਦੇ ਅੜੀਅਲ ਰਵੱਈਏ ਖਿਲਾਫ਼ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਕੀਤਾ ਜਾ ਰਿਹਾ ਚੱਕਾ ਜਾਮ ਤੇ 26 ਨਵੰਬਰ ਨੂੰ ਦਿੱਲੀ ਦਾ ਕੀਤਾ ਜਾ ਰਿਹਾ ਘਿਰਾਓ ਕਿਸਾਨ ਘੋਲ ਦੇ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।