ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਦਸੰਬਰ
ਖੇਤੀ ਕਾਨੂੰਨਾ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਭਰ ਚੱਲੇ ਧਰਨੇ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਵਾਲ਼ੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਦਾ ਅੱਜ ਉਨ੍ਹਾਂ ਦੇ ਪਿੰਡ ਕੌਰਜੀਵਾਲ਼ਾ ਪਹੁੰਚਣ ’ਤੇ ਪਿੰਡ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਕਿਸੇ ਸਮੇਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਡਾਕਟਰ ਵਜੋਂ ਕਾਰਜਸ਼ੀਲ ਰਹੇ ਡਾ. ਦਰਸ਼ਨਪਾਲ ਕਈ ਸਾਲਾਂ ਤੋਂ ਕਿਸਾਨੀ ਹਿਤਾਂ ਲਈ ਜੂਝ ਰਹੇ ਹਨ।
ਇਸੇ ਦੌਰਾਨ ਆਪਣੀ ਪਟਿਆਲਾ ਸਥਿਤ ਰਿਹਾਇਸ਼ ਤੋਂ ਇੱਕ ਖੁੱਲ੍ਹੀ ਜੀਪ ’ਚ ਪਿੰਡ ਕੌਰਜੀਵਾਲਾ ਪੁੱਜੇ ਡਾ. ਦਰਸ਼ਨਪਾਲ ਨਾਲ਼ ਉਨ੍ਹਾਂ ਦੀ ਪਤਨੀ ਡਾ. ਨਰਿੰਦਰ ਵੀ ਨਾਲ ਸਨ। ਦੋਵਾਂ ਜੀਆਂ ’ਤੇ ਪਿੰਡ ਦੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਤੇ ਮਹਿਲਾਵਾਂ ਨੇ ਫੁੱਲਾਂ ਦੀ ਵਰਖਾ ਕੀਤੀ। ਪਿੰਡ ਦੇ ਨੌਜਵਾਨਾਂ ਵੱਲੋਂ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਝੰਡੇ ਲਗਾ ਕੇ ਉਨ੍ਹਾਂ ਨੂੰ ਭਾਖੜਾ ਦੇ ਪੁਲ਼ ਤੋਂ ਪਿੰਡ ਤੱਕ ਲਿਜਾਇਆ ਗਿਆ। ਪ੍ਰਬੰਧਕਾਂ ’ਚ ਸ਼ੁਮਾਰ ਕਿਸਾਨ ਆਗੂ ਅਵਤਾਰ ਕੌਰਜੀਵਾਲਾ ਨੇ ਦੱਸਿਆ ਕਿ ਟਰੈਕਟਰਾਂ ’ਤੇ ਵੱਜਦੇ ਕਿਸਾਨੀ ਗੀਤ ਅਤੇ ਢੋਲੀਆਂ ਵੱਲੋਂ ਉਨ੍ਹਾਂ ਦੀ ਗੱਡੀ ਅੱਗੇ ਸ਼ਾਨਦਾਰ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸਟੇਜ ’ਤੇ ਕਈ ਹਸਤੀਆਂ ਬਿਰਾਜਮਾਨ ਸਨ ਜਿਨ੍ਹਾਂ ਵਿੱਚ ਪੀ.ਏ.ਯੂ. ਦੇ ਅਰਥ ਸ਼ਾਸਤਰੀ ਡਾ. ਸੁਖਪਾਲ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰ੍ੋ. ਬਾਵਾ ਸਿੰਘ, ਧਰਮਿੰਦਰ ਸਪੋਲ਼ੀਆ, ਨਰੇਸ਼ ਪਾਠਕ, ਭੁਪਿੰਦਰਜੋਤ ਭਿੰਡਰ, ਦੋਧੀ ਡੇਅਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਉਗਜਿੰਦਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਮਹਿਮਾ, ਗੁਰਮੀਤ ਦਿੱਤੂਪੁਰ, ਅਵਤਾਰ ਕੌਰਜੀਵਾਲਾ, ਸਰਪੰਚ ਇੰਦਰਜੀਤ ਸਿੰਘ, ਮੋਤੀ ਲਾਲ, ਕ੍ਰਾਂਤੀਕਾਰੀ ਸੱਭਿਆਚਾਰਕ ਮੰਚ ਦੇ ਆਗੂ ਗੁਰਮੀਤ ਜੱਜ ਆਦਿ ਦੇ ਨਾਮ ਸ਼ਾਮਲ ਹਨ।
ਕੌਰਜੀਵਾਲਾ ਦੇ ਤੱਪੜਾਂ ਨੇ ਹੀ ਬਣਾਇਆ ਡਾਕਟਰ: ਦਰਸ਼ਨਪਾਲ
ਪਿੰਡ ਨਾਲ ਜੁੜੀਆਂ ਬਚਪਨ ਦੀਆਂ ਯਾਦਾਂ ਤਾਜ਼ਾ ਕਰਦਿਆਂ, ਡਾ. ਦਰਸ਼ਨ ਪਾਲ ਨੇ ਕਿਹਾ ਕਿ ਉਨ੍ਹਾਂ ਦੇ ਐੱਮ.ਬੀ.ਬੀ.ਐੱਸ. ਡਾਕਟਰ ਬਣਨ ਦੀ ਨੀਂਹ ਇਸੇ ਪਿੰਡ ਵਿਚਲੇ ਸਕੂਲ ਵਿੱਚ ਤੱਪੜਾਂ ’ਤੇ ਬੈਠ ਕੇ ਪੜ੍ਹਨ ਨਾਲ਼ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਇਸੇ ਕੌਰਜੀਵਾਲ਼ਾ ਪਿੰਡ ਵਿਚਲੇ ਸਕੂਲ ’ਚ ਹੀ ਤੱਪੜਾਂ ’ਤੇ ਬੈਠ ਕੇ ਪੜ੍ਹਦੇ ਰਹੇ ਹਨ। ਪਿੰਡ ਵਾਸੀ ਅਵਤਾਰ ਕੌਰਜੀਵਾਲਾ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਤੋਂ ਹੀ ਡਾ. ਦਰਸ਼ਨਪਾਲ ਨੌਜਵਾਨਾ ਸਭਾ ਬਣਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਗੀਤਾਂ ਦੀ ਪੇਸ਼ਕਾਰੀ, ਡਰਾਮੇ ਕਰਦੇ ਅਤੇ ਨਾਟਕ ਵੀ ਖੇਡਦੇ ਰਹੇ ਹਨ। ਇਸੇ ਦੌਰਾਨ ਪਿੰਡ ਵਾਸੀਆਂ ਦੇ ਕਹਿਣ ’ਤੇ ਕਿਸਾਨ ਨੇਤਾ ਨੇ ਆਪਣੇ ਨਾਮ ਨਾਲ਼ ਕੌਰਜੀਵਾਲ਼ਾ ਲਾਉਣ ਦਾ ਐਲਾਨ ਵੀ ਕੀਤਾ। ਡਾ. ਦਰਸ਼ਨਪਾਲ ਨੇ ਕਿਹਾ ਕਿ ਤਾਨਾਸ਼ਾਹੀ ਸਰਕਾਰ ਖ਼ਿਲਾਫ਼ ਲੜਿਆ ਸਾਂਝਾ ਸੰਘਰਸ਼ ਸਮਾਜ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਦੁਰਹਾਰਾਇਆ ਕਿ ਉਨ੍ਹਾਂ ਦੀ ਯੂਨੀਅਨ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ।