ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਈ
ਕਿਸਾਨ ਸੰਘਰਸ਼ ਦੌਰਾਨ ਇੱੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਬੰਦ ਰਿਹਾ ਨੈਸ਼ਨਲ ਹਾਈਵੇਅ ’ਤੇ ਸਥਿਤ ਧਰੇੜੀ ਜੱਟਾਂ ਵਾਲ਼ਾ ਟੌਲ ਪਲਾਜ਼ਾ ਭਾਵੇਂ ਕੁਝ ਮਹੀਨਿਆਂ ਤੋਂ ਚੱਲ ਰਿਹਾ ਸੀ ਪਰ ਹੁਣ ਠੇਕੇ ਵਾਲੀ ਕੰਪਨੀ ਬਦਲ ਜਾਣ ਕਰਕੇ ਇਲਾਕੇ ਦੇ ਉਨ੍ਹਾਂ 22 ਪਿੰਡਾਂ ਦੇ ਵਸਨੀਕਾਂ ਤੋਂ ਵੀ ਪੈਸੇ ਲਏ ਜਾਣ ਲੱਗੇ ਹਨ, ਜਿਨ੍ਹਾਂ ਦੇ ਸਮਝੌਤੇ ਤਹਿਤ ਪਹਿਲਾਂ ਮੁਫਤ ਵਾਲੇ ਪਾਸ ਬਣੇ ਹੋਏ ਸਨ।
ਧਰਨੇ ’ਚ ਸ਼ਾਮਲ ਕਿਸਾਨ ਨੇਤਾ ਸਵਰਨ ਸਿੰਘ ਧਰੇੜੀ ਦਾ ਕਹਿਣਾ ਸੀ ਕਿ ਨਵੀਂ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਧਰੇੜੀ ਸਮੇਤ ਇਸ ਦੇ ਨਾਲ ਲੱਗਦੇ ਪੰਜ ਪਿੰਡਾਂ ਲਈ ਹੀ ਮੁਫਤ ਸਵਿਧਾ ਪ੍ਰਦਾਨ ਕਰ ਸਕਦੇ ਹਨ।
ਉਂਜ ਬਾਕੀ ਪਿੰਡਾਂ ਦੇ ਲੋਕਾਂ ਲਈ ਕੰਪਨੀ ਵੱਲੋਂ ਆਮ ਨਾਲ਼ੋਂ ਸਸਤੀਆਂ ਦਰਾਂ ’ਤੇ ਪਾਸ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇਸ ਕਾਰਨ ਇਲਾਕੇ ਦੇ ਇਨ੍ਹਾਂ 22 ਪਿੰਡਾਂ ਦੇ ਲੋਕਾਂ ਵੱਲੋਂ ਸ਼ੁੱਕਰਵਾਰ ਨੂੰ ਦੁਪਹਿਰ ਵਕਤ ਲਾਇਆ ਧਰਨਾ ਰਾਤ ਤੱਕ ਵੀ ਜਾਰੀ ਸੀ। ਗੱੱਲਬਾਤ ਲਈ ਤਹਿਸੀਲਦਾਰ ਰਾਮ ਕਿਸ਼ਨ ਅਤੇ ਪੁਲੀਸ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਵੀ ਪੁੱਜ ਗਏ ਸਨ।