ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਕਤੂਬਰ
ਪਟਿਆਲਾ ਜ਼ਿਲ੍ਹੇ ’ਚ ਅੱਜ ਫੇਰ ਤਿੰਨ ਜਣਿਆਂ ਦੀ ਜਾਨ ਚਲੀ ਗਈ। ਜਿਸ ਨਾਲ਼ ਜ਼ਿਲ੍ਹੇ ’ਚ ਕਰੋਨਾ ਨਾਲ਼ ਮਰਨ ਵਾਲ਼ਿਆਂ ਦੀ ਗਿਣਤੀ 362 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ ਮ੍ਰਿਤਕ ਸਮਾਣਾ ਦੇ ਵਾਰਡ ਨੰਬਰ 8 ਦਾ ਰਹਿਣ ਵਾਲਾ 82 ਸਾਲਾ ਪੁਰਸ਼ ਸੀ, ਜੋ ਕਿ ਹਾਰਟ ਤੇ ਹਾਈਪ੍ਰਟੈਂਸ਼ਨ ਦਾ ਮਰੀਜ਼ ਸੀ। 65 ਸਾਲਾ ਦੂਸਰਾ ਮ੍ਰਿਤਕ ਪਿੰਡ ਨਨਹੇੜਾ ਤੋਂ ਸੀ ਤੇ ਉਹ ਸ਼ੂਗਰ ਤੋਂ ਪੀੜਤ ਸੀ। ਇਸੇ ਤਰ੍ਹਾਂ ਪਿੰਡ ਬਨੇਰਾ ਕਲਾਂ ਦਾ ਰਹਿਣ ਵਾਲਾ 53 ਸਾਲਾ ਪੁਰਸ਼ ਵੀ ਸ਼ੂਗਰ ਤੇ ਹਾਈਪ੍ਰਟੈਂਸ਼ਨ ਦਾ ਮਰੀਜ਼ ਸੀ। ਇਨ੍ਹਾਂ ਤਿੰਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ’ਚ 48 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਵੀ ਹੋਈ ਹੈ। ਜਿਨ੍ਹਾਂ ’ਚੋਂ 21 ਪਟਿਆਲਾ ਸ਼ਹਿਰ ਤੋਂ ਹਨ। ਰਾਜਪੁਰਾ ਤੋਂ 1, ਨਾਭਾ ਤੋਂ 1, ਸਮਾਣਾ ਤੋਂ 1, ਬਲਾਕ ਭਾਦਸੋਂ ਤੋਂ 16, ਕੌਲੀ ਤੋ 2, ਹਰਪਾਲਪੁਰ ਤੋ 1, ਦੂਧਣਸਾਧਾਂ 2 ਤੇ ਸ਼ੁਤਰਾਣਾ 3 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਵਿਚਲੇ ਮਰੀਜ਼ਾਂ ਦਾ ਸਬੰਧੀ ਕ੍ਰਿਸ਼ਨ ਨਗਰ, ਆਨੰਦ ਨਗਰ ਬੀ, ਅਰਬਨ ਅਸਟੇਟ ਫੇਸ-2, ਗੁਰਬਖਸ਼ ਕਲੋਨੀ, ਆਦਰਸ਼ ਨਗਰ, ਬਾਲਮੀਕ ਕਲੋਨੀ, ਡੀ.ਐੱਮ.ਡਬਲਿਯੂ, ਬਾਜਵਾ ਕਲੋਨੀ, ਤਫੱਜਲ ਪੁਰਾ, ਬਾਬਾ ਦੀਪ ਸਿੰਘ ਕਲੋਨੀ ਨਾਲ਼ ਹੈ। ਜਦੋਂਕਿ ਨਾਭਾ ਤੋ ਭਾਈ ਕਾਹਨ ਸਿੰਘ ਕਲੋਨੀ, ਸਮਾਣਾ ਤੋਂ ਰਾਮ ਬਸਤੀ ਤੇ ਰਾਜਪੁਰਾ ਦੀ ਗੋਬਿੰਦ ਕਲੋਨੀ ਆਦਿ ਥਾਵਾਂ ਤੇ ਪਿੰਡਾਂ ਤੋਂ ਵੀ ਪਾਜ਼ੇਟਿਵ ਮਰੀਜ਼ ਮਿਲੇ ਹਨ।
ਸੰਗਰੂਰ (ਨਿਜੀ ਪੱਤਰ ਪ੍ਰੇਰਕ) ਜ਼ਿਲ੍ਹਾ ਸੰਗਰੂਰ ’ਚ ਇੱਕ ਕਰੋਨਾ ਪੀੜਤ ਮਹਿਲਾ ਦੀ ਮੌਤ ਹੋ ਗਈ। ਜ਼ਿਲ੍ਹੇ ’ਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 160 ਹੋ ਚੁੱਕੀ ਹੈ। ਅੱਜ 10 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 18 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ ਸਿਰਫ਼ 120 ਰਹਿ ਗਈ ਹੈ। ਸਿਹਤ ਬੁਲਾਰੇ ਅਨੁਸਾਰ ਅੱਜ ਇੱਕ ਕਰੋਨਾ ਪੀੜਤ ਮਹਿਲਾ ਦੀ ਮੌਤ ਹੋਈ ਹੈ ਜੋ ਬਲਾਕ ਕੌਹਰੀਆਂ ਦੀ ਰਹਿਣ ਵਾਲੀ ਸੀ ਤੇ ਕਰੋਨਾ ਪਾਜ਼ੇਟਿਵ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਸੀ ਜਿਥੇ ਉਹ ਜਿੰਦਗੀ ਦੀ ਜੰਗ ਹਾਰ ਗਈ।