ਖੇਤਰੀ ਪ੍ਰਤੀਨਿਧ
ਪਟਿਆਲਾ, 4 ਨਵੰਬਰ
ਪਟਿਆਲਾ ਜ਼ਿਲ੍ਹੇ ਅੰਦਰ ਵਾਪਰੇ 4 ਸੜਕ ਹਾਦਸਿਆਂ ਦੌਰਾਨ 4 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇੱਕ ਹਾਦਸਾ ਇਥੋਂ ਨਜ਼ਦੀਕ ਹੀ ਭਵਾਨੀਗੜ੍ਹ ਰੋਡ ’ਤੇ ਸਥਿਤ ਭਾਖੜਾ ਦੇ ਪੁਲ ਨੇੜੇ ਵਾਪਰਿਆ। ਜਿਸ ਦੌਰਾਨ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ’ਤੇ ਜਾ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਟਿੰਕੂ ਪੁੱਤਰ ਵੇਦ ਪ੍ਰਕਾਸ਼ ਵਾਸੀ ਰੰਧਾਵਾ ਕਲੋਨੀ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਪਸਿਆਣਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਮ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਹੀ ਬੀਤੀ ਰਾਤ ਵਾਪਰੇ ਇੱਕ ਵੱਖਰੇ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਰਾਹੁਲ ਕੁਮਾਰ (24) ਪੁੱਤਰ ਦਿਆਲਾ ਰਾਮ ਵਾਸੀ ਪਿੰਡ ਦੂਧਨਸਾਧਾਂ, ਜ਼ਿਲ੍ਹਾ ਪਟਿਆਲਾ ਵਜੋਂ ਹੋਈ। ਉਹ ਜਦੋਂ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ। ਪਰ ਇਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਹੋਰ ਸੜਕ ਹਾਦਸਾ ਨਾਭਾ ਖੇਤਰ ’ਚ ਵਾਪਰਿਆ। ਜਿਸ ਦੌਰਾਨ ਮੋਟਰ ਸਾਈਕਲ ਸਵਾਰ ਜਸਵਿੰਦਰ ਸਿੰਘ ਵਾਸੀ ਜੀਵਨ ਨਗਰ ਹਰੇੜੀ ਰੋਡ ਸੰਗਰੂਰ ਦੀ ਮੌਤ ਹੋ ਗਈ। ਉਹ ਜਦੋਂ ਆਪਣੇ ਇੱਕ ਦੋਸਤ ਦੇ ਨਾਲ ਮੋਟਰ ਸਾਈਕਲ ’ਤੇ ਜਾ ਰਿਹਾ ਸੀ, ਤਾਂ ਇੱਕ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਜਸਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਉਸ ਦੇ ਪਿਤਾ ਇੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਨਾਭਾ ਦੀ ਪੁਲੀਸ ਨੇ ਬੱਸ ਚਾਲਕ ਸੰਜੀਵ ਕੁਮਾਰ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਕ ਹੋਰ ਹਾਦਸਾ ਰਾਜਪੁਰਾ ਖੇਤਰ ’ਚ ਵਾਪਰਿਆ, ਜਿਸ ਦੌਰਾਨ ਪਹਿਰ ਕਲਾਂ ਪਿੰਡ ਦੇ ਕੋਲ ਜਾ ਰਹੇ ਲਛਮਣ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਉਸ ਦੇ ਭਰਾ ਰਾਮ ਬਹਾਦਰ ਵਾਸੀ ਨੇਪਾਲ ਹਾਲ ਫੋਕਲ ਪੁਆਇੰਟ ਰਾਜਪੁਰਾ ਦੀ ਸਿਕਾਇਤ ’ਤੇ ਥਾਣਾ ਸਦਰ ਰਾਜਪੁਰਾ ਦੀ ਪੁਲੀਸ ਨੇ ਨਾ ਮਾਲੂਮ ਵਾਹਨ ਚਾਲਕ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।