ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 22 ਦਸੰਬਰ
ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਪਣੇ ਨਿਵਾਸ ਸਥਾਨ ’ਤੇ ਮੀਟਿੰਗ ਕਰਦਿਆਂ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਕੰਬੋਜ ਅਤੇ ਸੂਬਾ ਸਰਕਾਰ ’ਤੇ ਲਗਾਏ ਗੰਭੀਰ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਲੋਕਾਂ ਨੂੰ ਟਿਫ਼ਨ ਬੰਬ ਅਤੇ ਕੌਮੀ ਸੁਰੱਖਿਆ ਦਾ ਮੁੱਦਾ ਉਛਾਲ ਕੇ ਡਰਾ ਰਹੇ ਨੇ ਤਾਂ ਜੋ ਉਨ੍ਹਾਂ ਨੂੰ ਚੋਣਾਂ ਵਿਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਾਢੇ ਚਾਰ ਸਾਲ ਘਰੋਂ ਨਹੀਂ ਨਿਕਲੇ। ਇਸੇ ਕਾਰਨ ਰਾਣਾ ਸੋਢੀ ਕੈਪਟਨ ਦੀ ਪਾਰਟੀ ਵਿਚ ਜਾਣ ਦੀ ਬਜਾਏ ਭਾਜਪਾ ਵਿਚ ਚਲੇ ਗਏ। ਰਾਜਪੁਰਾ ਵਿਚ ਫੜੀ ਗਈ ਸ਼ਰਾਬ ਫ਼ੈਕਟਰੀ ਬਾਰੇ ਕੰਬੋਜ ਨੇ ਕਿਹਾ ਕਿ ਇਸ ਦੀ ਇੱਕ ਦੀ ਥਾਂ ਦਸ ਵਾਰੀ ਜਾਂਚ ਕਰਾਈ ਜਾਵੇ। ਇਸ ਤੋਂ ਪਹਿਲਾਂ ਵਿਧਾਇਕ ਕੰਬੋਜ ਨੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਅੱਜ ਸਵਾ ਪੰਜ ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਨੇ ‘ਆਪ’ ਸੁਪਰੀਮੋ ਕੇਜਰੀਵਾਲ਼ ਉੱਪਰ ਵੀ ਤਨਜ਼ ਕਸੇ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਗੱਦੋਮਾਜਰਾ, ਬਲਾਕ ਸਮਿਤੀ ਚੇਅਰਮੈਨ ਸਰਬਜੀਤ ਮਾਣਕਪੁਰ, ਬਲਦੀਪ ਬੱਲੂ ਪੀਏ ਟੂ ਵਿਧਾਇਕ ਕੰਬੋਜ ਅਤੇ ਬੀਬੀ ਗੁਰਮੀਤ ਕੌਰ ਕੰਬੋਜ ਵੀ ਮੌਜੂਦ ਸਨ।