ਖੇਤਰੀ ਪ੍ਰਤੀਨਿਧ
ਪਟਿਆਲਾ, 19 ਫਰਵਰੀ
ਚੰਦ ਕੁ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁੁਰਜੀਤ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਮਗਰੋਂ ਭਾਜਪਾ ਦੀ ਕੇਂਦਰ ਸਰਕਾਰ ਕੋਲ਼ੋਂ ਸਿੱਖ ਅਤੇ ਪੰਥਕ ਮਸਲਿਆਂ ਦਾ ਹੱਲ ਕਰਵਾਇਆ ਜਾਵੇਗਾ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਹੋਰ ਉਹ ਮਸਲੇ ਵੀ ਵਿਚਾਰੇ ਜਾਣਗੇ, ਜਿਨ੍ਹਾਂ ਵੱਲ ਆਪਣੇ ਆਪ ਨੂੰ ਵੱਡੇ ਪੰਥ ਹਿਤਾਇਸ਼ੀ ਅਖਵਾਉਣ ਵਾਲ਼ੇ ਅਕਾਲੀ ਨੇਤਾਵਾਂ ਨੇ ਵੀ ਧਿਆਨ ਨਹੀਂ ਧਰਿਆ।
ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਸੁਰਜੀਤ ਗੜ੍ਹੀ ਨੇ ਕਿਹਾ ਕਿ ਭਾਜਪਾ ਨੂੰ ਸਿੱਖ ਵਿਰੋਧੀ ਆਖ ਕੇ ਬਦਨਾਮ ਕਰਨ ਵਾਲ਼ੇ ਆਗੂ ਹੀ ਅਸਲ ’ਚ ਪੰਥਦੋਖੀ ਹਨ, ਜੋ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਪੰਥ ਦੀ ਦੁਰਵਰਤੋਂ ਕਰਦੇ ਰਹੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਗੜ੍ਹੀ ਦਾ ਇਹ ਵੀ ਕਹਿਣਾ ਸੀ ਕਿ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੀ ਮਰਜ਼ੀ ਮੁਤਾਬਿਕ ਆਪਣੇ ਹਿੱਤਾਂ ਦੀ ਖਾਤਰ ਹੀ ਵਰਤਦੇ ਆ ਰਹੇ ਹਨ। ਚੋਣ ਪ੍ਰਚਾਰ ਦੇ ਅੰਤਲੇ ਦਿਨ ਅੱਜ ਰਾਜਪੁਰਾ ’ਚ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਹੱਕ ’ਚ ਘਰ ਘਰ ਜਾ ਕੇ ਪ੍ਰਚਾਰ ਕੀਤਾ। ਇਸ ਮੌਕੇ ਲੋਕਾਂ ਨੇ ਸੁਰਜੀਤ ਗੜ੍ਹੀ ਅਤੇ ਜਗਦੀਸ਼ ਜੱਗਾ ਨੂੰ ਸਨਮਾਨਤ ਕੀਤਾ ਤੇ ਹਮਾਇਤ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਗੜ੍ਹੀ ਬੀਤੇ ਦਿਨੀਂ ਪੀਐੱਲਸੀ ’ਚ ਸ਼ਾਮਲ ਹੋਏ ਹਨ।