ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵੰਬਰ
ਪੰਜਾਬ ਦੀ ਰਾਜਨੀਤੀ ’ਚ ਚੰਗੀ ਪਛਾਣ ਰੱਖਣ ਵਾਲੇ ਰੱਖੜਾ ਪਰਿਵਾਰ ਵੱਲੋਂ ਆਪਣੇ ਪਿਤਾ ਤੇ ਸਮਾਜ ਸੇਵੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 28ਵੀਂ ਬਰਸੀ ਸਬੰਧੀ ਪਿੰਡ ਰੱਖੜਾ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਅਨੇਕਾਂ ਸ਼ਖ਼ਸੀਅਤਾਂ ਸਣੇ ਆਮ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਬਾਪੂ ਕਰਤਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਦੇਸ਼ ਅਤੇ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਪੁੱਤਰਾਂ ਐੱਨਆਰਆਈ ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਅਕਾਲੀ ਆਗੂ ਚਰਨਜੀਤ ਸਿੰਘ ਰੱਖੜਾ ਦੀ ਪਸ਼ੰਸਾ ਹੋਈ। ਕਰਤਾਰ ਵਿਲਾ ਫਾਰਮ ਹਾਊਸ ਵਿੱਚ ਕਰਵਾਏ ਗਏ ਵਿਸ਼ਾਲ ਸਮਾਗਮ ਦੌਰਾਨ ਭੋਗ ਮੌਕੇ ਅਰਦਾਸ ’ਚ ਨਾ ਸਿਰਫ਼ ਰੱਖੜਾ ਪਰਿਵਾਰ, ਬਲਕਿ ਸਰਬੱਤ ਦੇ ਭਲੇ ਦੀ ਗੱਲ ਵੀ ਕੀਤੀ ਗਈ। ਅਕਾਲੀ ਦਲ ਦੀ ਫੁੱਟ ਦਾ ਅਸਰ ਅੱੱਜ ਦੇ ਇਸ ਬਰਸੀ ਸਮਾਗਮ ’ਤੇ ਪਿਆ ਵੀ ਨਜ਼ਰ ਆਇਆ। ਕਿਉਂਕਿ ਪਹਿਲਾਂ ਹਰ ਸਾਲ ਹੀ ਇਸ ਬਰਸੀ ਸਮਾਗਮ ਮੌਕੇ ਬਾਦਲ ਪਰਿਵਾਰ ਦੀ ਹਾਜ਼ਰੀ ਰਹੀ ਹੈ ਪਰ ਐਤਕੀਂ ਬਾਦਲ ਪਰਿਵਾਰ ਗੈਰ-ਹਾਜ਼ਰ ਰਿਹਾ। ਸਮੁੱਚੇ ਬਾਦਲ ਦਲ ਵਿੱਚੋਂ ਕੇਵਲ ਡਾ. ਦਲਜੀਤ ਸਿੰਘ ਚੀਮਾ ਨੇ ਹੀ ਸ਼ਿਰਕਤ ਕੀਤੀ ਜਦਕਿ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਅਨੇਕਾਂ ਆਗੂ ਅਤੇ ਵਰਕਰ ਹੁੰਮ ਹੁਮਾ ਕੇ ਪੁੱਜੇ ਹੋਏ ਸਨ। ਇਸ ਮੌਕੇ ਕੁਝ ਬੁਲਾਰਿਆਂ ਨੇ ਬਿਨਾ ਨਾਮ ਲਿਆਂ ਸੁਖਬੀਰ ਬਾਦਲ ’ਤੇ ਵੀ ਵਿਅੰਗ ਕੱਸੇ। ਇਸ ਸ਼ਰਧਾਂਜਲੀ ਸਮਾਗਮ ਮੌਕੇ ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਬਰਾੜ, ਜਸਬੀਰ ਸਿੰਘ ਰੋਡੇ, ਹਰਮੇਲ ਟੌਹੜਾ, ਕਰਨੈਲ ਪੰਜੋਲੀ, ਸਤਵਿੰਦਰ ਟੌਹੜਾ, ਮਨਜਿੰਦਰ ਸਿਰਸਾ, ਤੇਜਿੰਦਰਪਾਲ ਸੰਧੂ, ਐਮ.ਪੀ ਸਰਬਜੀਤ ਸਿੰਘ ਖਾਲਸਾ, ਹਰਿੰਦਪਾਲ ਚੰਦੂਮਾਜਰਾ ਮੌਜੂਦ ਰਹੇ।
ਬਿਆਸ ਮੁਖੀ ਨੇ ਪਟਿਆਲਾ ’ਚ ਬਿਤਾਈ ਰਾਤ
ਬਰਸੀ ਸਮਾਗਮ ’ਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਦੇ ਉਤਰਾਅਧਿਕਾਰੀ ਜਸਦੀਪ ਸਿੰਘ ਗਿੱਲ ਨੇ ਵੀ ਸਮਾਗਮ ’ਚ ਹਾਜ਼ਰੀ ਲਵਾਈ। ਉਨ੍ਹਾਂ ਦੇ ਇਥੇ ਆਉਣ ’ਤੇ ਸੁਰਜੀਤ ਸਿੰਘ ਰੱਖੜਾ ਨੇ ਸਿਰ ਝੁਕਾਅ ਕੇ ਸਵਾਗਤ ਕੀਤਾ। ਉਂਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 18 ਨਵੰਬਰ ਤੋਂ ਹੀ ਪਟਿਆਲਾ ’ਚ ਮੌਜੂਦ ਸਨ। ਉਹ ਕੱਲ੍ਹ ਇਥੇ ਸਨੌਰ ਹਲਕੇ ਦੇ ਪਿੰਡ ਦੌਲਤਪੁਰ ਸਥਿਤ ਜੀਐੱਸਏ ਨਾਮ ਦੇ ਵੱਡੇ ਇੰਡਸਟਰੀ ਯੂਨਿਟ ਵਿੱਚ ਆਏ। ਫੇਰ ਉਹ ਇਸੇ ਇੰਡਸਟਰੀ ਦੇ ਐੱਮਡੀ ਜਤਿੰਦਰਪਾਲ ਸਿੰਘ ਦੀ ਪਟਿਆਲਾ ਸ਼ਹਿਰ ’ਚ ਸਥਿਤ ਰਿਹਾਇਸ਼ ’ਤੇ ਹੀ ਰਾਤ ਵੀ ਰੁਕੇ। ਉਨ੍ਹਾਂ ਦੀ ਆਮਦ ਦਾ ਪਤਾ ਲੱਗਣ ’ਤੇ ਅੱਜ ਦਿਨ ਚੜ੍ਹਦਿਆਂ ਹੀ ਜਤਿੰਦਰਪਾਲ ਸਿੰਘ ਦੇ ਘਰ ਅਤੇ ਫੈਕਟਰੀ ਦੁਆਲੇ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾ ਲੱਗ ਗਈਆਂ ਸਨ।