ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 3 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪਿੰਡ ਇਕਾਈ ਘਨੌੜ ਰਾਜਪੂਤਾਂ ਤੇ ਸੰਤਪੁਰਾ ਵਿੱਚ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਰੱਦ ਹੋ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿਛਲੇ ਸਾਲ ਦੇ ਰੇਟ ਨਾਲੋਂ ਬੋਲੀ ਦਾ ਰੇਟ ਵਧਾਉਣ ਦੀ ਕਾਰਵਾਈ ਨੂੰ ਖੇਤ ਮਜ਼ਦੂਰਾਂ ਨੇ ਨਾਮਨਜ਼ੂਰ ਕਰ ਦਿੱਤਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਪ੍ਰਧਾਨ ਸੰਜੀਵ ਮਿੰਟੂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਖੇਤ ਮਜ਼ਦੂਰਾਂ ਨੇ ਸਾਂਝੇ ਤੌਰ ’ਤੇ ਲਈ ਹੈ, ਉਨ੍ਹਾਂ ਪਿੰਡਾਂ ਵਿੱਚ ਖੇਤ ਮਜ਼ਦੂਰ ਔਰਤਾਂ ਨੂੰ ਬੇਗਾਨੇ ਖੇਤਾਂ ਦੀ ਵੱਟਾਂ ’ਤੇ ਜਾ ਕੇ ਜ਼ਲੀਲ ਨਹੀਂ ਹੋਣਾ ਪੈਂਦਾ ਹੈ। ਇਹ ਜ਼ਮੀਨ ਮਾਣ-ਸਨਮਾਨ ਦਾ ਪ੍ਰਤੀਕ ਹੈ।
ਉਨ੍ਹਾਂ ਦੱਸਿਆ,‘ਘਨੌੜ ਰਾਜਪੂਤਾਂ ਵਿੱਚ ਜਨਰਲ ਵਰਗ ਜ਼ਮੀਨ ਦੀ ਬੋਲੀ ਹੋ ਗਈ ਹੈ ਜਦਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਬੰਧੀ ਤਿੰਨ ਖੇਤ ਮਜ਼ਦੂਰਾਂ ਨੇ ਬੋਲੀ ਦੇਣ ਲਈ ਸਕਿਉਰਟੀ ਭਰੀ ਸੀ ਪਰ ਖੇਤ ਮਜ਼ਦੂਰ ਔਰਤਾਂ ਨੇ ਕਿਹਾ, ਇਸ ਵਾਰ ਅਸੀਂ ਖੇਤ ਮਜ਼ਦੂਰ ਸਾਂਝੇ ਤੌਰ ’ਤੇ ਅਤੇ ਘੱਟ ਰੇਟ ’ਤੇ ਜ਼ਮੀਨ ਲੈਣਾ ਚਾਹੁੰਦੇ ਹਾਂ। ਸਾਡੀ ਇਹ ਮੰਗ ਹੈ ਕਿ ਇਸ ਜ਼ਮੀਨ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਪਰੰਤੂ ਜਦੋਂ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਉਠਾਈ ਗਈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੌਰੀ ਤੌਰ ’ਤੇ ਅਸਮਰੱਥਾ ਪ੍ਰਗਟਾਈ, ਜਿਸ ਕਾਰਨ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੰਤਪੁਰਾ ਪਿੰਡ ਵਿੱਚ ਜਨਰਲ ਵਰਗ ਦੇ ਹਿੱਸੇ ਦੀ ਬੋਲੀ ਵੀ ਨੇਪਰੇ ਨਹੀਂ ਚੜ੍ਹੀ, ਜਦਕਿ ਸਕਿਉਰਟੀ ਭਰੀ ਗਈ ਸੀ। ਵੱਧ ਰੇਟ ਕਾਰਨ ਬੋਲੀ ਰੱਦ ਹੋ ਗਈ।