ਪੱਤਰ ਪ੍ਰੇਰਕ
ਪਟਿਆਲਾ, 3 ਸਤੰਬਰ
ਵੱਖ-ਵੱਖ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ, ਕੰਟਰੈਕਟ, ਆਊਟਸੋਰਸਿੰਗ ਅਤੇ ਡੇਲੀਵੇਜਿਜ਼ ਮੁਲਾਜ਼ਮ ਖੋਜ ਮੈਡੀਕਲ ਤੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੀ ਕੰਮ ਛੋੜ ਹੜਤਾਲ ਵਿੱਚ ਸ਼ਾਮਲ ਹੋਏ। ਇਹ ਹੜਤਾਲ 10ਵੇਂ ਦਿਨ ਵਿੱਚ ਪੁੱਜ ਗਈ ਹੈ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਅਫ਼ਸਰਸ਼ਾਹੀ ਵੱਲੋਂ ਹੜਤਾਲ ਅਤੇ ਮੰਗਾਂ ਦਾ ਕੋਈ ਵੀ ਨੋਟਿਸ ਨਾ ਲੈਣ ’ਤੇ ਜ਼ੋਰਦਾਰ ਪਿੱਟ ਸਿਆਪਾ ਕੀਤਾ। ਹੜਤਾਲੀ ਕੈਂਪ ਵਿੱਚ ਜਿਵੇਂ ਹੀ ਖ਼ਬਰ ਪਹੁੰਚੀ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰਨ, ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਅਤੇ ਕਰੋਨਾ ਯੋਧਿਆਂ ਦੀਆਂ ਤਨਖ਼ਾਹਾਂ ਵਧਾਉਣ ਸਮੇਤ ਵਿਭਾਗ ਵਿੱਚ ਖਪਾਉਣ ਅਤੇ ਰੈਗੂਲਾਈਜੇਸ਼ਨ ਐਕਟ 2020 ਵਿੱਚ ਸੋਧ ਕਰਨ, 2004 ਦੀ ਪੈਨਸ਼ਨ ਬਹਾਲ ਕਰਨ ਤੇ ਬਰਾਬਰ ਕੰਮ ਬਰਾਬਰ ਤਨਖ਼ਾਹਾਂ ਦਾ ਸਿਧਾਂਤ ਲਾਗੂ ਕਰਨ ਸਬੰਧੀ ਕੋਈ ਵੀ ਫ਼ੈਸਲਾ ਨਹੀਂ ਕੀਤਾ ਤਾਂ ਉਹ ਰੋਹ ਵਿੱਚ ਆ ਗਏ ਤੇ ਹਸਪਤਾਲ ਕੰਪਲੈਕਸ ਵਿੱਚੋਂ ਸੜਕਾਂ ’ਤੇ ਨਿਕਲ ਆਏ ਤੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ।
ਮੁਲਾਜ਼ਮ ਮਾਰਚ ਕਰਦੇ ਹੋਏ ਵਾਈਪੀਐੱਸ ਚੌਕ ਪਹੁੰਚੇ ਤੇ ਧਰਨਾ ਮਾਰ ਕੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ ਤੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢਦਿਆਂ 11 ਘੜੇ ਵੀ ਭੰਨੇ। ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਸਵਰਨ ਸਿੰਘ ਬੰਗਾ, ਜਗਮੋਹਨ ਸਿੰਘ ਨੌਲੱਖਾ ਤੇ ਹੋਰ ਮੁਲਾਜ਼ਮ ਹਾਜ਼ਰ ਸਨ।