ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਪਾਵਰਕੌਮ ਵਲੋਂ ਆਪਣੇ ਕਰਮਚਾਰੀਆਂ ਲਈ 1-1-2016 ਤੋਂ ਲਾਗੂ ਸੋਧੇ ਹੋਏ ਪੇਅ ਸਕੇਲ ਨੋਟੀਫਾਈ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਹਿੰਗਾਈ ਭੱਤਾ/ਰਾਹਤ, ਮੈਡੀਕਲ ਭੱਤਾ, ਮਕਾਨ ਕਿਰਾਇਆ ਭੱਤਾ, ਰੂਰਲ ਏਰੀਆਂ ਭੱਤਾ, ਐਨ.ਪੀ.ਏ., ਸਪੈਸ਼ਲ ਚੌਕੀਂਦਾਰ ਭੱਤਾ, 1-1-2016 ਤੋਂ ਪਹਿਲਾਂ ਅਤੇ ਬਾਅਦ ਦੇ ਪੈਨਸ਼ਨਰਜ਼ ਨੂੰ ਮਿਲਣਯੋਗ ਲਾਭਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ। ਕਾਰਪੋਰੇਸ਼ਨ ਪ੍ਰਬੰਧਕਾਂ ਵਲੋਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਪੇਅ ਸਕੇਲ ਸੋਧਣ ਸਬੰਧੀ ਅਤੇ ਹੋਰ ਵਿੱਤੀ ਲਾਭ ਦੇਣ ਸਬੰਧੀ ਅੱਜ (7-11-2021 ਨੂੰ) ਸਰਕੂਲਰ ਜਾਰੀ ਕਰ ਦਿੱਤੇ ਗਏ ਹਨ। ਇਸ ਲਈ ਪਾਵਰਕਾਮ ਵਲੋਂ ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਕਾਰਪੋਰਸ਼ਨ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ ਤੋਂ ਆਪਣੀਆਂ ਡਿਊਟੀਆਂ ’ਤੇ ਪਰਤ ਆਉਣ।
ਇਸ ਤੋਂ ਪਹਿਲਾਂ 15 ਤੋਂ 18 ਨਵੰਬਰ ਤੱਕ ਚਾਰ ਦਿਨਾਂ ਦੀ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਮੁਲਾਜ਼ਮਾਂ ਨੇ ਸਰਕਾਰ ਦੇ ਰਵੱਈਏ ਖਿਲਾਫ਼ ਸਮੂਹਿਕ ਛੁੱਟੀ 26 ਨਵੰਬਰ ਤੱਕ ਵਧਾ ਦਿੱਤੀ ਸੀ। ਅੱਜ ਦੇ ਧਰਨਿਆਂ ਨੂੰ ਕਰਮ ਚੰਦ ਭਾਰਦਵਾਜ, ਕੁਲਦੀਪ ਖੰਨਾ, ਬਲਵਿੰਦਰ ਸੰਧੂ, ਜਗਰੂਪ ਮਹਿਮਦਪੁਰ, ਕੌਰ ਸਿੰਘ ਸੋਹੀ, ਬਲਦੇਵ ਮੰਢਾਲੀ ਆਦਿ ਨੇ ਸੰਬੋਧਨ ਕੀਤਾ।