ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਸਤੰਬਰ
ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਮਾਪਿਆਂ ਤੱਕ ਪਹੁੰਚਾਉਣ ਲਈ ਅੱਜ ‘ਇੰਸਪਾਇਰ ਮੀਟ’ ਦੇ ਬੈਨਰ ਹੇਠ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ’ਚ ‘ਮੈਗਾ ਪੀਟੀਐੱਮ’ (ਵਿਸ਼ਾਲਰੂਪੀ ਮਾਪੇ-ਅਧਿਆਪਕ ਮਿਲਣੀਆਂ) ਹੋਈਆਂ ਜਿਸ ਦੌਰਾਨ ਮੇਲਿਆਂ ਵਰਗਾ ਮਾਹੌਲ ਰਿਹਾ। ਇਸ ਦੌਰਾਨ ਹੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਪਟਿਆਲਾ ਵਿਚਲੇ ਮਲਟੀਪਰਪਜ਼ ਅਤੇ ਸਮਾਰਟ ਸਕੂਲ ਮਾਡਲ ਟਾਊਨ ਪੁੱਜੇ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚਲੀ ਪ੍ਰਤਿਭਾ ਅਤੇ ਹੁਨਰ ਨੂੰ ਤਰਾਸ਼ਣ ਲਈ ਸਰਕਾਰੀ ਸਕੂਲ ਅਹਿਮ ਭੂਮਿਕਾ ਨਿਭਾਉਣਗੇ। ਅਗਲੇ ਸਾਲ ਤੋਂ ਮਾਪੇ ਸਰਕਾਰੀ ਸਕੂਲਾਂ ’ਚ ਬੱਚੇ ਦਾਖਲ ਕਰਵਾਉਣ ਨੂੰ ਵਧੇਰੇ ਤਰਜੀਹ ਦੇਣਗੇ। ਅਪਰੈਲ ’ਚ ਸੁਪਨਮਈ 100 ਐਮੀਨੈਂਸ ਸਕੂਲਾਂ ਨੂੰ ਹਕੀਕੀ ਰੂਪ ਦਿੱਤਾ ਜਾਵੇਗਾ ਤਾਂ ਜੋ ਸਰਕਾਰੀ ਸਕੂਲ ਵੀ ਨਮੂਨੇ ਦੇ ਸਕੂਲ ਬਣਾਏ ਜਾ ਸਕਣ।
ਸਿੱਖਿਆ ਮੰਤਰੀ ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ’ਚ ਅੱਜ ‘ਮੈਗਾ ਮਾਪੇ ਅਧਿਆਪਕ ਮਿਲਣੀਆਂ’ ਕਰਵਾਉਣ ਦਾ ਤਜਰਬਾ ਸਫ਼ਲ ਸਿੱਧ ਹੋਇਆ ਜਿਸ ਦੌਰਾਨ ਸਿੱਖਿਆ ਰਾਹੀਂ ਪੰਜਾਬ ਦਾ ਭਵਿੱਖ ਸੰਵਾਰਨ ਲਈ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਕੋਲੋਂ ਸੁਝਾਅ ਵੀ ਹਾਸਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾ ਸ਼ੱਕ ਰਾਜ ’ਚ 19 ਹਜ਼ਾਰ ਸਰਕਾਰੀ ਸਕੂਲਾਂ ਵਿੱਚੋਂ ਬਹੁਤਿਆਂ ’ਚ ਅਧਿਆਪਕਾਂ ਅਤੇ ਇਮਾਰਤਾਂ ਸਮੇਤ ਪ੍ਰਬੰਧਕੀ ਘਾਟਾਂ ਵੀ ਹੋਣਗੀਆਂ ਪਰ ਕਿਸੇ ਵੀ ਖੇਤਰ ਵਿਚਲੇ ਵਿਗੜੇ ਸਿਸਟਮ ਨੂੰ ਸੁਧਾਰਨ ’ਤੇ ਸਮਾਂ ਤਾਂ ਲੱਗਦਾ ਹੀ ਹੈ ਪਰ ਸਿਹਤ ਸੇਵਾਵਾਂ ਅਤੇ ਸਿੱਖਿਆ ’ਚ ਸੁਧਾਰ ‘ਆਪ’ ਸਰਕਾਰ ਦੇ ਤਰਜੀਹੀ ਏਜੰਡੇ ਹਨ। ਇਸੇ ਕਰਕੇ ਪੰਜਾਬ ਦੇ ਇਤਿਹਾਸ ’ਚ ਐਤਕੀ ਪਹਿਲੀ ਵਾਰ ਹੈ ਕਿ ਇਨ੍ਹਾਂ ਦੋਵਾਂ ਖੇਤਰਾਂ ਲਈ ਪਹਿਲਾਂ ਨਾਲੋਂ ਕਈ ਗੁਣਾ ਵੱਧ ਫੰਡ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕਈ ਕਮੀਆਂ ਬਿਨਾਂ ਫੰਡਾਂ ਤੋਂ ਵੀ ਦੂਰ ਕੀਤੀਆਂ ਜਾ ਸਕਦੀਆਂ ਹਨ। ਅੱਜ ਦੀਆਂ ਇਹ ਮੈਗਾ ਮਿਲਣੀਆਂ ਇਸੇ ਹੀ ਕੜੀ ਦਾ ਹੀ ਹਿੱਸਾ ਰਹੀਆਂ ਕਿਉਂਕਿ ਕਈ ਮਸਲੇ ਸਿਰਫ਼ ਪ੍ਰਬੰਧਕੀ ਸੁਧਾਰਾਂ ਨਾਲ ਹੀ ਜੁੜੇ ਹੁੰਦੇ ਹਨ। ਇਸ ਲਈ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਤੋਂ ਹਾਸਲ ਸੁਝਾਵਾਂ ’ਤੇ ਅਮਲ ਕਰਦਿਆਂ ਲੋੜੀਂਦੇ ਸੁਧਾਰ ਯਕੀਨੀ ਬਣਾਏ ਜਾਣਗੇ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਦਾ ਨਵਾਂ ਭਵਿੱਖ ਸਿੱਖਿਆ ’ਤੇ ਨਿਰਭਰ ਹੈ ਜਿਸ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਸਭ ਤੋਂ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਹੁਣ ਰਾਜ ਦੇ ਸਵਾ ਲੱਖ ਅਧਿਆਪਕਾਂ ਵਿੱਚ ਵੀ ਆਤਮ ਵਿਸ਼ਵਾਸ ਵਧਿਆ ਹੈ। ਇਸ ਮੌਕੇ ਡੀਈਓ ਅਮਰਜੀਤ ਸਿੰਘ, ਸਾਬਕਾ ਪ੍ਰਿੰਸੀਪਲ ਤੋਤਾ ਸਿੰਘ ਚਹਿਲ, ਇੰਚਾਰਜ ਸੁਖਜਿੰਦਰ ਕੌਰ ਤੇ ਪ੍ਰਿੰਸੀਪਲ ਬਲਬੀਰ ਸਿੰਘ ਜੌੜਾ ਵੀ ਮੌਜੂਦ ਸਨ।