ਰਵੇਲ ਸਿੰਘ ਭਿੰਡਰ
ਪਟਿਆਲਾ, 5 ਜੁਲਾਈ
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਬੇ ਦੇ ਆਗਾਮੀ ਚੋਣ ਮੁਹਾਜ਼ ’ਤੇ ਸਿਆਸੀ ਧਿਰਾਂ ਨੂੰ ਘੇਰਦਿਆਂ ਆਖਿਆ ਕਿ ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਰੁਜ਼ਗਾਰ ਦੇਣ ਦੀਆਂ ਨੀਤੀਆਂ ਤੇ ਵਾਅਦੇ ਹੋਣੇ ਚਾਹੀਦੇ ਹਨ। ਉਹ ਆਪਣੇ ਟਿਕਾਣੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ ਵਿਧਾਨ ਸਭਾ ਚੋਣ ਪਿੜ ’ਚ ਉਨ੍ਹਾਂ ਪਾਰਟੀਆਂ ਜਾਂ ਆਗੂਆਂ ਨੂੰ ਸਮਰਥਨ ਦੇਣ ਲਈ ਅੱਗੇ ਆਉਣ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਨਗੇ। ਰੁਜ਼ਗਾਰ ਮੁਖੀ ਨੀਤੀਆਂ ਵਾਲੇ ਲੋਕਾਂ ਨੂੰ ਅੱਗੇ ਲਾਉਣ ’ਚ ਕੋਈ ਹਰਜ਼ ਨਹੀਂ ਹੈ। 2022 ਦੇ ਚੋਣ ਪਿੜ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਭਿਖਾਰੀ ਬਣਾਉਣ ਦੀਆਂ ਨੀਤੀਆਂ ਤੋਂ ਰਾਜਸੀ ਧਿਰਾਂ ਨੂੰ ਗੁਰੇਜ ਕਰਨ ਦੀ ਲੋੜ ਹੈ, ਜਦੋਂਕਿ ਨੌਜਵਾਨਾਂ ਨੂੰ ਰੁਜ਼ਗਾਰ ਦੀ ਵੱਡੀ ਲੋੜ ਹੈ। ਰੁਜ਼ਗਾਰ ਪ੍ਰਾਪਤੀ ਨਾਲ ਕੋਈ ਵੀ ਨੌਜਵਾਨ ਜਾਂ ਪਰਿਵਾਰ ਸਿਰ ਉੱਚਾ ਕਰਕੇ ਜ਼ਿਦਗੀ ਜੀਏਗਾ, ਜਦੋਂਕਿ ਭਿਖਾਰੀਪੁਣੇ ਦੀਆਂ ਨੀਤੀਆਂ ਸਮਾਜਿਕ ਲਿਹਾਜ਼ ਤੋਂ ਵਾਜ਼ਬ ਨਹੀਂ ਹਨ। ਲੋਕਾਂ ਨੂੰ ਇੱਜ਼ਤਦਾਰ ਮਾਹੌਲ ਦੇਣ ਦੀ ਲੋੜ ਹੈ, ਬਾਕੀ ਲੋਕਾਂ ਨੇ ਸੋਚਣਾ ਹੈ ਪਰ ਚੰਗਾ ਹੋਵੇਗਾ ਜੇ ਲੋਕ ਸਿਆਣੇ ਬਣਨ ਤੇ ਸਿਆਣੇ ਲੀਡਰਾਂ ਦੀ ਚੋਣ ਕਰਨ। ਉਨ੍ਹਾਂ ਆਖਿਆ ਕਿ ਆਗੂ ਉਹ ਚਾਹੀਦੇ ਹਨ ਜਿਹੜੇ ਪੰਜਾਬ ਦਾ ਭਲਾ ਕਰ ਸਕਣ ਤੇ ਪੰਜਾਬ ਦੇ ਭਵਿੱਖ ਪ੍ਰਤੀ ਚਿੰਤਤ ਹੋਣ। ਉਨ੍ਹਾਂ ਇਸ ਗੱਲੋਂ ਚਿੰਤਾ ਪ੍ਰਗਟਾਈ ਕਿ ਵੋਟ ਨੂੰ ਬੋਤਲ ਦੇ ਵੱਟੇ ਵੇਚ ਦਿੱਤਾ ਜਾਂਦਾ ਹੈ, ਅਜਿਹੇ ਰੁਝਾਨ ਨੂੰ ਰੋਕਣ ਦੀ ਲੋੜ ਹੈ। ਅਸਲ ’ਚ ਜਦੋਂ ਵੋਟ ਵਿਕੇਗੀ ਤਾਂ ਜ਼ਮੀਰ ਵੀ ਵਿਕੇਗੀ। ਅਜਿਹਾ ਮਾਹੌਲ ਸਿਸਟਮ ਨੂੰ ਕੁਰੱਪਟ ਕਰੇਗਾ ਜਦੋਂਕਿ ਅਜੋਕੇ ਲੋਕਤੰਤਰ ਨੂੰ ਜਿਉਂਦੀ ਜ਼ਮੀਰ ਦੇ ਸਿਸਟਮ ਦੀ ਲੋੜ ਹੈ। ਜਦੋਂ ਮੰਨੀਏ ਕੋਈ ਸਰਕਾਰ ਮਾੜੀ ਹੈ ਤਾਂ ਇਹ ਪਹਿਲਾਂ ਗੱਲ ਹੋਵੇਗੀ ਕਿ ਮਾੜੀ ਸਰਕਾਰ ਨੂੰ ਚੁਣਨ ਵਾਲੇ ਵੀ ਮਾੜੇ ਹੀ ਹੋਣਗੇ। ਅਜਿਹੇ ’ਚ ਚੰਗਾ ਸਿਸਟਮ ਉਸਾਰਨ ਲਈ ਖੁਦ ਨੂੰ ਪਹਿਲਾਂ ਚੰਗਾ ਬਣਨਾ ਪੈਣਾ ਹੈ।