ਸਰਬਜੀਤ ਸਿੰਘ ਭੰਗੂ/ਜੋਗਿੰਦਰ ਸਿੰਘ ਮਾਨ
ਪਟਿਆਲਾ/ਮਾਨਸਾ, 7 ਸਤੰਬਰ
ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੈ, ਹਾਲਾਂਕਿ ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ 8 ਸਤੰਬਰ ਨੂੰ ਬੁਲਾਇਆ ਗਿਆ ਹੈ।
ਯੂਨੀਅਨ ਦੇ ਆਗੂ ਕਮਲ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜ ਮੈਂਬਰੀ ਕਮੇਟੀ ਵਜੋਂ ਗੱਲਬਾਤ ਕਰਨ ਲਈ 8 ਸਤੰਬਰ ਨੂੰ ਅਕਾਸ਼ ਬਾਂਸਲ (ਆਈਏਐਸ)ਉਪ ਮੰਡਲ ਮੈਜਿਸਟਰੇਟ ਖਰੜ ਰਾਹੀਂ ਪੱਤਰ ਭੇਜਿਆ ਗਿਆ ਹੈ,ਜਿਸ ਵਿਚ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਸਵੇਰੇ 11 ਵਜੇ ਮੁੱਖ ਮੰਤਰੀ ਦੇ ਦਫ਼ਤਰ ਸਿਵਲ ਸਕੱਤਰੇਤ ਵਿਖੇ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਮਨਾਉਣ ਲਈ ਗੱਲਬਾਤ ਕਰਨ ਜਾਣਗੇ ਅਤੇ ਆਪਣੇ ਪੱਖ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗੱਲਬਾਤ ਦਾ ਸੱਦਾ ਆਉਣ ਕਾਰਨ ਹੀ ਅੱਜ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਅਤੇ ਮੋਤੀ ਮਹਿਲ ਦੇ ਘਿਰਾਓ ਦਾ ਐਕਸ਼ਨ ਇੱਕ-ਦੋ ਦਿਨ ਲਈ ਮੁਲਤਵੀ ਕੀਤਾ ਗਿਆ ਹੈ।