ਪੱਤਰ ਪ੍ਰੇਰਕ
ਪਾਤੜਾਂ, 7 ਸਤੰਬਰ
‘ਪਿੰਡ ਬਚਾਓ, ਪੰਜਾਬ ਬਚਾਓ’ ਗ੍ਰਾਮ ਸਭਾ ਚੇਤਨਾ ਕਾਫਲਾ ਵੱਲੋਂ ਪਿੰਡਾਂ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫ਼ੈਸਲੇ ਕਰਨ ਵਾਲੀ ਸੰਸਥਾ ਗ੍ਰਾਮ ਸਭਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਗ੍ਰਾਮ ਸਭਾ ਚੇਤਨਾ ਮਾਰਚ ਕੀਤਾ ਗਿਆ। ਪਿੰਡ ਸ਼ੁਤਰਾਣਾ ਦੇ ਨਾਮ ਜਪ ਗੁਰਦੁਆਰਾ ਸਾਹਿਬ ਵਿੱਚ ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਪਿੰਡ ਵਿੱਚ ਗ੍ਰਾਮ ਸਭਾ ਲਈ ਮੀਟਿੰਗ ਹਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਗ੍ਰਾਮ ਸਭਾ ਪਿੰਡ ਦੀ ਲੋਕ ਸਭਾ ਤੇ ਵਿਧਾਨ ਸਭਾ ਹੀ ਹੈ। ਜੇ ਵਿਧਾਨ ਸਭਾ ਤੇ ਲੋਕ ਸਭਾ ਦਾ ਹਾਲ ਸੁੰਨਾ ਰਹੇ ਤਾਂ ਫੇਰ ਕੈਬਨਿਟ ਮਨਮਰਜ਼ੀ ਕਰੇਗੀ। ਇਸੇ ਤਰ੍ਹਾਂ ਪਿੰਡ ਦੇ ਲੋਕ ਸੰਵਿਧਾਨ ਦੁਆਰਾ ਦਿੱਤੀ ਗ੍ਰਾਮ ਸਭਾ ਦੀ ਤਾਕਤ ਨੂੰ ਨਹੀਂ ਪਛਾਨਣਗੇ ਤਾਂ ਪੰਚਾਇਤ ਮਨਮਰਜ਼ੀ ਕਰੇਗੀ। ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਲੋਕਾਂ ਨੂੰ ਜਾਗਣ ਤੇ ਪੰਜਾਬ ਬਚਾਉਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਪਿੰਡ ਹੈ ਤਾਂ ਪੰਜਾਬ ਹੈ, ਜੇ ਪਿੰਡ ਨਾ ਰਿਹਾ ਤਾਂ ਪੰਜਾਬ ਵੀ ਨਹੀਂ ਰਹੇਗਾ। ਇਸ ਮੌਕੇ ਦਰਸ਼ਨ ਸਿੰਘ ਧਨੇਠਾ, ਡਾ. ਬਿਮਲ ਭਨੋਟ, ਮਨਪ੍ਰੀਤ ਕੌਰ ਰਾਜਪੁਰਾ, ਖਿਆਲੀ ਰਾਮ ਪਾਤੜਾਂ ਤੇ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।