ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਮਈ
ਦਿਨੋ ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਇਸ ਦੀ ਸਥਿਤੀ ’ਚ ਸੁਧਾਰ ਲਿਆਉਣ ਹਿਤ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੇ 84 ਛੱਪੜਾਂ ਦੇ ਨਵੀਨੀਕਰਨ ਦਾ ਪ੍ਰਾਜੈਕਟ ਆਰੰਭ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 79 ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਹੋ ਚੁੱਕਾ ਅਤੇ 5 ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।
ਇਹ ਜਾਣਕਾਰੀ ਦਿੰਦਿਆਂ ਏਡੀਸੀ (ਗ੍ਰਾਮੀਣ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਚਲਾਏ ਜਾ ਰਹੇ ਵੱਖ ਵੱਖ ਪ੍ਰਾਜੈਕਟਾਂ ਤਹਿਤ ਪਾਣੀ ਦੀ ਸੰਭਾਲ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ’ਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਮਗਨਰੇਗਾ ਦੀ ਮਦਦ ਨਾਲ ਛੱਪੜਾਂ ਨੂੰ ਥਾਪਰ ਮਾਡਲ ਤਹਿਤ ਤਿਆਰ ਕੀਤਾ ਹੈ। ਸਰਕਾਰ ਵੱਲੋਂ ਪ੍ਰਾਪਤ ਫੰਡ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਬਰਸਾਤ ਦਾ ਪਾਣੀ ਸੰਭਾਲਣ ਦੇ ਯਤਨ ਕਰਦਿਆਂ, ਛੱਪੜਾਂ ਦੀ ਹਾਲਤ ਸੁਧਾਰਨ ਲਈ ਵਰਤਿਆ ਜਾ ਰਿਹਾ ਹੈ।
ਈਸ਼ਾ ਸਿੰਘਲ ਨੇ ਦੱਸਿਆ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਜਾਈ ਅਤੇ ਹੋਰ ਕੰਮਾਂ ਲਈ ਵਰਤੋਂ ਯੋਗ ਬਣਾਉਣ ਸਮੇਤ ਛੱਪੜਾਂ ਦੀ ਦਿੱਖ ਸਵਾਰ ਕੇ ਇਨ੍ਹਾਂ ਨੂੰ ਬਦਬੂ ਤੋਂ ਵੀ ਮੁਕਤ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ’ਚ ਗੰਦੇ ਪਾਣੀ ਨੂੰ ਛੱਪੜਾਂ ’ਚ ਸੁੱਟਣ ਤੋਂ ਪਹਿਲਾਂ ਸਕਰੀਨਿੰਗ ਚੈਂਬਰ ’ਚੋਂ ਲੰਘਾਇਆ ਜਾਂਦਾ ਹੈ, ਤਾਂ ਕਿ ਇਸ ’ਚੋਂ ਮੋਟਾ-ਮੋਟਾ ਗੰਦ ਸਾਫ਼ ਹੋ ਸਕੇ। ਇਸ ਮਗਰੋਂ ਇਹ ਪਾਣੀ ਤਿੰਨ ਡੂੰਘੇ ਖੂਹਾਂ ਵਿੱਚੋਂ ਗੋਲ ਤਰੀਕੇ ਨਾਲ ਘੁੰਮਾ ਕੇ ਲੰਘਾਇਆ ਜਾਂਦਾ ਹੈ, ਤਾਂ ਕਿ ਇੱਥੇ ਬਰੀਕ ਗੰਦ ਨੂੰ ਸਾਫ਼ ਕੀਤਾ ਜਾ ਸਕੇ। ਫੇਰ ਪਾਣੀ ਛੱਪੜ ਵਿੱਚ ਚਲਾ ਜਾਂਦਾ ਹੈ। ਅਜਿਹਾ ਪਾਣੀ ਪਸ਼ੂਆਂ ਦੇ ਪੀਣ ਅਤੇ ਪਸ਼ੂਆਂ ਦੇ ਨਹਾਉਣ ਸਮੇਤ ਸਿੰਜਾਈ ਲਈ ਵੀ ਵਰਤੋਂ ਯੋਗ ਹੋ ਜਾਂਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਸ ਮਾਡਲ ਤਹਿਤ ਸਾਫ਼ ਹੋਇਆ ਪਾਣੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮਾਪਦੰਡਾਂ ਅਧੀਨ ਵੀ ਆਉਂਦਾ ਹੈ ਜਿਸ ਤਹਿਤ ਇੱਥੋਂ ਸਾਫ਼ ਹੋਇਆ ਪਾਣੀ ਨੇੜੇ ਦੀਆਂ ਡਰੇਨਾਂ, ਨਾਲਿਆਂ ਅਤੇ ਨਦੀਆਂ ਵਿੱਚ ਵੀ ਸੁੱਟਿਆ ਜਾ ਸਕਦਾ ਹੈ। ਇਸ ਪਾਣੀ ਅੰਦਰ ਕੁਦਰਤੀ ਜੀਵ ਮੱਛੀਆਂ ਆਦਿ ਵੀ ਸਹੀ ਤਰੀਕੇ ਨਾਲ ਪਣਪ ਸਕਦੀਆਂ ਹਨ। ਅਜਿਹੇ ਛੱਪੜਾਂ ਦੇ ਆਲੇ-ਦੁਆਲੇ ਰੁੱਖ ਲਗਾ ਕੇ ਵਾਤਾਵਰਣ ਵੀ ਸਾਫ਼ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸੈਰਗਾਹ ਵਜੋਂ ਵੀ ਵਰਤਿਆ ਜਾ ਸਕਦਾ ਹੈ।