ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 9 ਅਗਸਤ
ਇਸ ਖੇਤਰ ਵਿੱਚੋਂ ਗੁਜ਼ਰਦੀ ਦੇਸ਼ ਦੀ ਪ੍ਰਮੁੱਖ ਸੜਕ ਅੰਮ੍ਰਿਤਸਰ-ਦਿੱਲੀ ਜੀਟੀ ਰੋਡ ਦੀ ਲੋੜੀਂਦੀ ਮੁਰੰਮਤ ਅਤੇ ਸੰਭਾਲ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਟੌਲ ਪਲਾਜ਼ਿਆਂ ਰਾਹੀਂ ਵਾਹਨ ਚਾਲਕਾਂ ਤੋਂ ਰੋਜ਼ਾਨਾ ਲੱਖਾਂ ਰੁਪਏ ਵਸੂਲਣ ਦੇ ਬਾਵਜੂਦ ਰਾਜਪੁਰਾ ਦੇ ਸ਼ਹਿਰੀ ਖੇਤਰ ਨੇੜੇ ਕਈ ਥਾਵਾਂ ’ਤੇ ਸੜਕ ਵਿੱਚ ਪਏ ਡੂੰਘੇ ਟੋਏ ਵਾਹਨ ਚਾਲਕਾਂ ਲਈ ਜਾਨ ਦਾ ਖੋਅ ਬਣ ਰਹੇ ਹਨ।
ਇਸ ਖੇਤਰ ਵਿੱਚੋਂ ਗੁਜ਼ਰਨ ਵਾਲੀ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਰਾਜਪੁਰਾ ਦੇ ਸ਼ਹਿਰੀ ਖੇਤਰ ਨੇੜੇ ਕਈ ਥਾਵਾਂ ’ਤੇ ਸੜਕ ਵਿੱਚ ਪਏ ਡੂੰਘੇ ਟੋਏ ਪਏ ਹਨ। ਰਾਜਪੁਰਾ ਦੇ ਫਲਾਈ ਓਵਰ ਨੇੜੇ ਪਿਛਲੇ ਕੁਝ ਦਿਨਾਂ ਤੋਂ ਬਣੇ ਡੂੰਘੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਟੋਇਆਂ ਕਾਰਨ ਹਜ਼ਾਰਾਂ ਵਾਹਨ ਟੁੱਟ-ਭੱਜ ਦਾ ਸ਼ਿਕਾਰ ਹੋ ਰਹੇ ਹਨ ਜਦੋਂਕਿ ਦੋ ਪਹੀਆ ਵਾਹਨ ਚਾਲਕ ਟੋਇਆਂ ਵਿੱਚ ਡਿੱਗਣ ਕਾਰਨ ਸੱਟਾਂ ਖਾ ਰਹੇ ਹਨ। ਐੱਨਐੱਚਏਆਈ ਦੇ ਅਧਿਕਾਰੀ ਇਸ ਸੜਕ ਦੀ ਲੋੜੀਂਦੀ ਮੁਰੰਮਤ ਜ਼ਰੂਰੀ ਨਹੀਂ ਸਮਝ ਰਹੇ। ਇਲਾਕਾ ਵਾਸੀ ਸੁਰਿੰਦਰ ਸਿੰਘ ਫ਼ਰੀਦਪੁਰ, ਐਡਵੋਕੇਟ ਸੁਬੇਗ ਸਿੰਘ ਸੰਧੂ, ਮਹਿੰਦਰ ਕੁਮਾਰ ਪੱਪੂ, ਭੁਪਿੰਦਰ ਸਿੰਘ ਗੋਲੂ ਅਤੇ ਬਲਵਿੰਦਰ ਸਿੰਘ ਸੈਹਬੀ ਸਣੇ ਹੋਰਨਾਂ ਨੇ ਮੰਗ ਕੀਤੀ ਹੈ ਕਿ ਜੀਟੀ ਰੋਡ ਦੀ ਤੁਰੰਤ ਮੁਰੰਮਤ ਕੀਤੀ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਐੱਨਐੱਚਏਆਈ ਦੇ ਅਧਿਕਾਰੀ ਦਲਬੀਰ ਸਿੰਘ ਨੇ ਕਿਹਾ ਕਿ ਰਾਜਪੁਰਾ ਨੇੜੇ ਕੁਝ ਇੱਕ ਥਾਵਾਂ ’ਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਸੜਕ ਟੁੱਟੀ ਹੋਈ ਹੈ। ਇਸ ਸਮੇਂ ਪ੍ਰੀਮਿਕਸ ਤਿਆਰ ਕਰਨ ਵਾਲੇ ਪਲਾਂਟ ਵੀ ਬੰਦ ਹਨ, ਪਲਾਂਟ ਚਾਲੂ ਹੋਣ ਜਾਣ ’ਤੇ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।