ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 13 ਅਗਸਤ
ਪਿੰਡ ਨੀਲਪੁਰ ਦੇ ਸਟੇਡੀਅਮ ਨੇੜਲੀ ਜ਼ਮੀਨ ਵਿੱਚ ਬਣੇ ਗੁਰਦੁਆਰਾ ਸਾਹਿਬ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਦੇ ਪ੍ਰਬੰਧਕਾਂ ਨੂੰ ਨਗਰ ਕੌਂਸਲ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਕਬਜ਼ਾ ਛੱਡਣ ਸਬੰਧੀ ਨੋਟਿਸ ਜਾਰੀ ਕਰਨ ਤੋਂ ਰੋਸ ਵਿੱਚ ਆਏ ਪਿੰਡ ਨੀਲਪੁਰ, ਪੀਰ ਕਲੋਨੀ, ਗ੍ਰੀਨ ਸਿਟੀ ਫੇਜ਼-1, ਭਟੇਜਾ ਕਲੋਨੀ, ਗਣੇਸ਼ ਕਲੋਨੀ ਅਤੇ ਅਜੀਤ ਨਗਰ ਸਮੇਤ ਹੋਰਨਾਂ ਕਲੋਨੀਆਂ ਦੇ਼ੇ ਲੋਕਾਂ ਵੱਲੋਂ ਹਰਮੇਲ ਸਿੰਘ, ਜਸਵਿੰਦਰ ਸਿੰਘ ਯੂਥ ਅਕਾਲ, ਜਗਜੀਤ ਸਿੰਘ ਖਾਲਸਾ, ਹਰਭਜਨ ਸਿੰਘ, ਲਾਭ ਸਿੰਘ ਅਤੇ ਮੇਜਰ ਸਿੰਘ ਦੀ ਅਗਵਾਈ ਹੇਠ ਟਾਹਲੀ ਵਾਲਾ ਚੌਕ ਵਿੱਚ ਆਵਾਜਾਈ ਠੱਪ ਕਰ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਰਮੇਲ ਸਿੰਘ, ਹਰਭਜਨ ਸਿੰਘ, ਭਾਈ ਅਬਰਿੰਦਰ ਸਿੰਘ ਕੰਗ, ਨੇਤਰ ਸਿੰਘ ਸਮੇਤ ਹੋਰਨਾਂ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਛੱਡਣ ਬਦਲੇ ਸੜਕ ਤੋਂ ਪਾਰ ਅਜੀਤ ਨਗਰ ਵਿੱਚ ਜ਼ਮੀਨ ਅਲਾਟ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਪਰ ਉਸ ਜ਼ਮੀਨ ਉੱਤੇ ਹੁਣ ਕਿਸੇ ਹੋਰ ਵਿਅਕਤੀ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਅਜੀਤ ਨਗਰ ਵਿੱਚ ਪੱਕੇ ਤੌਰ ’ਤੇ ਜ਼ਮੀਨ ਅਲਾਟ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਪਹਿਲਾਂ ਵਾਲੀ ਜ਼ਮੀਨ ਖਾਲੀ ਨਹੀਂ ਕਰਨਗੇ। ਮੌਕੇ ’ਤੇ ਪੁੱਜੇ ਤਹਿਸੀਲਦਾਰ ਰਾਮ ਕ੍ਰਿਸ਼ਨ ਅਤੇ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਵੱਲੋਂ ਧਰਨਾਕਾਰੀਆਂ ਨੂੰ ਗੁਰਦੁਆਰਾ ਸਾਹਿਬ ਲਈ ਉਨ੍ਹਾਂ ਦੀ ਸਹਿਮਤੀ ਅਨੁਸਾਰ ਜ਼ਮੀਨ ਅਲਾਟ ਕਰਨ ਦਾ ਵਿਸ਼ਵਾਸ ਦਿੱਤੇ ਜਾਣ ’ਤੇ ਧਰਨਾ ਚੁੱਕ ਦਿੱਤਾ ਗਿਆ।