ਪੱਤਰ ਪ੍ਰੇਰਕ
ਦੇਵੀਗੜ੍ਹ, 7 ਫਰਵਰੀ
ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿੳਂੁ ਤਿਉਂ ਪਿੰਡਾਂ ਤੇ ਕਸਬਿਆਂ ’ਚ ਚੋਣ ਪ੍ਰਚਾਰ ਤੇਜੀ ਫੜ ਰਿਹਾ ਹੈ। ਇਸ ਦੌਰਾਨ ਜਿਥੇ ਵੱਖ ਵੱਖ ਉਮੀਦਵਾਰ ਦਿਨ ਦਾ ਵੱਧ ਤੋਂ ਵੱਧ ਸਮਾਂ ਚੋਣ ਪ੍ਰਚਾਰ ’ਚ ਲਗਾ ਰਹੇ ਹਨ, ਉਥੇ ਹੀ ਉਨ੍ਹਾਂ ਦੀਆਂ ਪਤਨੀਆਂ ਵੀ ਉਨ੍ਹਾਂ ਨਾਲੋਂ ਪਿਛੇ ਨਹੀਂ ਰਹੀਆਂ। ਉਨ੍ਹਾਂ ਨੇ ਵੀ ਆਪਣੇ ਪਤੀਆਂ ਨੂੰ ਜਿਤਾਉਣ ਲਈ ਤੇਜੀ ਫੜੀ ਹੋਈ ਹੈ।
ਹਲਕਾ ਸਨੌਰ ਵਿੱਚ ਦਰਜਨ ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਤਿੰਨ ਉਮੀਦਵਾਰਾਂ ਦੀਆਂ ਪਤਨੀਆਂ ਚੋਣ ਮੈਦਾਨ ਵਿੱਚ ਡਟੀਆਂ ਹੋਈਆਂ ਹਨ। ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਚੰਦੂਮਾਜਰਾ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ ਜੋ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਸਵੇਰੇ ਹੀ ਪਿੰਡਾਂ ਵਿੱਚ ਲੰਘ ਜਾਂਦੇ ਹਨ ਅਤੇ ਆਪਣੇ ਪਤੀ ਲਈ ਸਮਰਥਨ ਮੰਗ ਰਹੇ ਹਨ। ਇਸੇ ਤਰ੍ਹਾਂ ਹਲਕਾ ਸਨੌਰ ਤੋਂ ਕਾਂਗਰਸ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਪਤਨੀ ਗੁਰਪ੍ਰੀਤ ਕੌਰ ਸ਼ੈਰੀਮਾਨ ਵੀ ਪਿੱਛੇ ਨਹੀਂ ਰਹੇ। ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀਆਂ ਸਾਥਣਾਂ ਨਾਲ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਵੀ ਚੋਣ ਮੈਦਾਨ ’ਚ ਡਟੇ ਹੋਏ ਹਨ।