ਸਰਬਜੀਤ ਸਿੰਘ ਭੰਗੂ /ਸੁਰਿੰਦਰ ਸਿੰਘ ਚੌਹਾਨ
ਸਨੌਰ /ਦੇਵੀਗੜ੍ਹ, 19 ਅਪਰੈਲ
ਸਰਕਾਰਾਂ ਦੀ ਬੇਰੁਖ਼ੀ ਕਾਰਨ ਹਲਕਾ ਸਨੌਰ ਅੰਦਰ ਦਰਜਨਾਂ ਪਸ਼ੂ ਹਸਪਤਾਲਾਂ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਡਾਕਟਰਾਂ ਦੀ ਅਣਹੋਂਦ ਕਾਰਨ ਪੁਸ਼ੂ ਹਸਪਤਾਲਾਂ ਦੀਆ ਇਮਾਰਤਾਂ ਖੰਡਰ ਬਣ ਗਈਆਂ ਹਨ। ਹਲਕਾ ਸਨੌਰ ਦੇ ਅਧੀਨ ਪੈਂਦੇ ਖੇਤਰ ਦੇਵੀਗੜ੍ਹ, ਮਸੀਂਗਣ, ਮਗਰ ਸਾਹਿਬ, ਘੜਾਮ, ਦੂਧਨਸਾਧਾਂ, ਮਾੜੂ, ਰੌਸ਼ਨਪਰ ’ਚ ਵੈਟਰਨਰੀ ਹਸਪਤਾਲਾਂ ਸਮੇਤ ਮੁਖਮੇਲਪੁਰ, ਅਹਿਰੂਕਲਾਂ ਅਤੇ ਦੀਵਾਨ ਵਾਲਾ ’ਚ ਪਸ਼ੂ ਡਿਸਪੈਂਸਰੀਆਂ ਹਨ। ਇਨ੍ਹਾਂ ਪਸ਼ੂ ਕੇਂਦਰਾਂ ਵਿੱਚੋਂ ਸਿਰਫ ਦੋ ਵਿੱਚ ਹੀ ਡਾਕਟਰ ਮੌਜੂਦ ਹਨ। ਬਾਕੀ ਸਾਰੇ ਵੈਟਰਨਰੀ ਹਸਪਤਾਲ ਕਾਫ਼ੀ ਸਮੇਂ ਤੋਂ ਡਾਕਟਰਾਂ ਦੀ ਉਡੀਕ ਕਰ ਰਹੇ ਹਨ। ਇਸ ਕਾਰਨ ਇਨ੍ਹਾਂ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਨਾਲ਼ ਸਬੰਧਤ ਪਿੰਡਾਂ ਦੇ ਕਿਸਾਨ ਆਪਣੇ ਪਸ਼ੂਆਂ ਦੇ ਬਿਮਾਰ ਹੋਣ ਦੀ ਸੂਰਤ ’ਚ ਪ੍ਰਾਈਵੇਟ ਤੌਰ ’ਤੇ ਹੀ ਮਹਿੰਗੇ ਭਾਅ ਦਾ ਇਲਾਜ ਕਰਵਾਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਪਸ਼ੂਆਂ ਦੇ ਬਿਮਾਰ ਹੋਣ ਦੀ ਸੂਰਤ ’ਚ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਲਈ ਵੀ ਪ੍ਰਬੰਧ ਨਾ ਹੋਣ ਕਾਰਨ ਕਈ ਵਾਰ ਇਲਾਜ ਖੁਣੋਂ ਮੌਤ ਦੇ ਮੂੰਹ ’ਚ ਵੀ ਚਲੇ ਜਾਂਦੇ ਹਨ।
ਇਲਾਕੇ ਦੇ ਕਈ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਘਾਟ ਕਾਰਨ ਵੈਟਨਰੀ ਹਸਪਤਾਲਾਂ ਦਾ ਚਾਰਜ ਦੂਜੇ ਡਾਕਟਰਾਂ ਨੂੰ ਸੌਂਪਿਆ ਹੋਇਆ ਹੈ। ਉਂਜ ਇਹ ਪ੍ਰਕਿਰਿਆ ਵੀ ਕਾਗਜ਼ੀ ਕੰਮਕਾਜ ਤੱਕ ਹੀ ਸੀਮਤ ਹੈ। ਪਸ਼ੂ ਪਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹਸਪਤਾਲ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਦਵਾਈਆਂ ਅਤੇ ਮਿਕਚਰ ਪਾਊਡਰ ਆਦਿ ਮਿਲਦੇ ਸਨ, ਪਰ ਹੁਣ ਡੇਢ ਦਹਾਕੇ ਤੋਂ ਇਹ ਵੀ ਦੇਣੇ ਬੰਦ ਕਰ ਦਿੱਤੇ ਗਏ ਹਨ।
ਸੀਨੀਅਰ ਵੈਟਰਨਰੀ ਅਫਸਰ ਡਾ. ਸ਼ਮਿੰਦਰ ਕੌਰ ਨੇ ਡਾਕਟਰਾਂ ਦੀ ਘਾਟ ਦੀ ਗੱਲ ਸਵੀਕਾਰੀ। ਉਨ੍ਹਾਂ ਕਿਹਾ ਕਿ ਸਾਰੇ ਵੈਟਰਨਰੀ ਹਸਪਤਾਲਾਂ ਵਿੱਚ 50 ਫੀਸਦੀ ਡਾਕਟਰਾਂ ਦੀ ਘਾਟ ਹੈ ਅਤੇ ਇਨ੍ਹਾਂ ਹਸਪਤਾਲਾਂ ਦਾ ਚਾਰਜ ਦੂਜੇ ਡਾਕਟਰਾਂ ਨੂੰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਅੰਦਰ ਦਵਾਈਆਂ ਦੀ ਵੰਡ ਕੀਤੀ ਜਾਂਦੀ ਹੈ ਜਿਨ੍ਹਾਂ ਹਸਪਤਾਲਾਂ ਵਿੱਚ ਡਾਕਟਰ ਨਹੀਂ ਹਨ, ਉਨ੍ਹਾਂ ਦੀ ਦਵਾਈ ਬਾਕੀ ਡਾਕਟਰਾਂ ਨੂੰ ਦੇ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਚਾਰਜ ਹੁੰਦਾ ਹੈ ਇਸੇ ਦੌਰਾਨ ‘ਆਪ’ ਦੇ ਸੂਬਾਈ ਬੁਲਾਰੇ ਅਤੇ ਜੁਆਇੰਟ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ‘ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਰਦਜੀਤ ਸਿੰਘ ਸੰਧੂ, ‘ਆਪ’ ਦੇ ਬੀ.ਸੀ ਵਿੰਗ ਦੇ ਪ੍ਰਧਾਨ ਰਣਜੋਧ ਸਿੰਘ ਹੜਾਣਾ, ਬਲਦੇਵ ਸਿੰਘ ਦੇਵੀਗੜ੍ਹ, ਪੰਚਾਇਤ ਸਮਿਤੀ ਭੁਨਰਹੇੜੀ ਦੇ ਵਾਈਸ ਚਅਰਮੈਨ ਡਾ. ਗੁਰਮੀਤ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਦਾ ਸਿੱਟਾ ਹੈ ਪਰ ਹੁਣ ‘ਆਪ’ ਦੀ ਸਰਕਾਰ ਸਥਾਪਤ ਹੋ ਗਈ ਹੈ ਤੇ ਜਲਦੀ ਹੀ ਸਾਰੇ ਲੋਕ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।