ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 3 ਸਤੰਬਰ
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਕਪੁਰ ਅਫਗਾਨਾ, ਦੇਵੀਗੜ੍ਹ ਦੀ ਹੈਂਡਬਾਲ ਅੰਡਰ-14 ਵਰਗ ਦੀਆਂ ਖਿਡਾਰਨਾਂ ਨੇ ਪੋਲੋ ਗਰਾਉਂਡ ਵਿੱਚ ਹੋਈਆਂ 68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚੋਂ ਫਾਈਨਲ ਮੈਚ ਵਿੱਚ ਪਟਿਆਲਾ-3 ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਇਸ ਜਿੱਤ ਨਾਲ ਇਹ ਖਿਡਾਰਨਾਂ ਅਗਲੇ ਗੇੜ ਦੇ ਸੂਬਾ ਪੱਧਰੀ ਮੁਕਾਬਲੇ ਲਈ ਵੀ ਚੁਣੀਆਂ ਗਈਆਂ ਹਨ। ਸਕੂਲ ਪਹੁੰਚਣ ’ਤੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਲਤੀਫ਼ ਮੁਹੰਮਦ, ਕ੍ਰਿਸ਼ਨ ਲਾਲ ਅਤੇ ਜੇਤੂ ਖਿਡਾਰਨਾਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਡਾਇਰੈਕਟਰ ਗੌਰਵ ਗੁਲਾਟੀ ਨੇ ਇਨ੍ਹਾਂ ਖਿਡਾਰਨਾਂ ਦੇ ਕੋਚ ਲਤੀਫ ਮੁਹੰਮਦ ਅਤੇ ਕ੍ਰਿਸ਼ਮ ਲਾਲ ਦੀ ਸ਼ਲਾਘਾ ਕੀਤੀ ਅਤੇ ਸੂਬਾ ਪੱਧਰੀ ਮੁਕਾਬਲੇ ਲਈ ਸ਼ੁਭਕਮਨਾਵਾਂ ਦਿੱਤੀਆਂ।
ਇਸੇ ਤਰ੍ਹਾਂ ਡਾ. ਬੀਐੱਸਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਦੀ ਕਰਾਟੇ ਖਿਡਾਰਨ ਗੈਰੀ ਨੇ ਰਾਜਸਥਾਨ ਦੇ ਅਲਵਰ ਵਿੱਚ ਕਰਵਾਈ ਗਈ ਓਪਨ ਇੰਟਰਨੈਸ਼ਨਲ ਕੌਮਬੈਟ ਮਾਰਸ਼ਲ ਆਰਟ ਲੀਗ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਅਤੇ ਕਰਾਟੇ ਅਤੇ ਕਿੱਕ ਬਾਕਸਿੰਗ ਵਿੱਚ ਸੋਨੇ ਦੇ ਤਗਮੇ ਹਾਸਲ ਕੀਤੇ। ਜ਼ਿਕਰਯੋਗ ਹੈ ਕਿ ਇਹ ਖਿਡਾਰਨ ਪਹਿਲਾਂ ਵੀ ਨੈਸ਼ਨਲ ਪੱਧਰ ’ਤੇ ਕਰਾਟੇ ਅਤੇ ਕਿੱਕ ਬਾਕਸਿੰਗ ਖੇਡ ਮੁਕਾਬਲੇ ਵਿੱਚ ਸੋਨੇ ਦੇ ਤਗਮੇ ਜਿੱਤ ਚੁੱਕੀ ਹੈ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਜਿੱਤ ਦਾ ਤਗਮਾਂ ਪਾ ਕੇ ਗੈਰੀ ਦਾ ਸਨਮਾਨ ਕੀਤਾ ਅਤੇ ਜਿੱਤ ਦੀ ਵਧਾਈ ਦਿੱਤੀ।
ਸਰਕਾਰੀ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਨੇ ਮਾਰੀਆਂ ਮੱਲਾਂ
ਘੱਗਾ (ਸ਼ਾਹਬਾਜ਼ ਸਿੰਘ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੇ ਖਿਡਾਰੀਆਂ ਨੇ ਇੰਟਰਨੈਸ਼ਨਲ ਪੱਧਰ ’ਤੇ ਕਰਾਟੇ ਖੇਡ ਵਿੱਚ ਗੋਲਡ ਮੈਡਲ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਪੰਕਜ ਸੇਠੀ ਨੇ ਦੱਸਿਆ ਕਿ ਅਲਵਰ ਰਾਜਸਥਾਨ ਵਿੱਚ ਹੋਈ ਓਪਨ ਇੰਟਰਨੈਸ਼ਨਲ ਕੋਬਮੈਟ ਮਾਰਸ਼ਲ ਆਰਟ ਲੀਗ ਵਿੱਚ ਗਗਨਪ੍ਰੀਤ ਕੌਰ ਅਤੇ ਅੰਜਲੀ ਦੇਵੀ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਰਾਕੇਸ਼ ਕੁਮਾਰ ਨੂੰ ਜਾਂਦਾ ਹੈ।